ਨਵੀਂ ਦਿੱਲੀ: ਅਫਗਾਨਿਸਤਾਨ ਕ੍ਰਿਕਟ ਦੇ 'ਪੋਸਟਰ ਬੁਆਏ' ਰਾਸ਼ਿਦ ਖਾਨ ਨੇੜ ਭਵਿੱਖ 'ਚ ਆਪਣੀ ਪਿੱਠ ਨੂੰ ਆਰਾਮ ਦੇਣ ਲਈ ਟੈਸਟ ਫਾਰਮੈਟ 'ਚ ਨਹੀਂ ਖੇਡਣਗੇ, ਜਿਸ ਦੀ ਉਨ੍ਹਾਂ ਨੇ ਪਿਛਲੇ ਸਾਲ ਸਰਜਰੀ ਕਰਵਾਈ ਸੀ। ਅਫਗਾਨਿਸਤਾਨ ਕ੍ਰਿਕਟ ਬੋਰਡ (ਏਸੀਬੀ) ਦੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਰਾਸ਼ਿਦ ਅਤੇ ਟੀਮ ਪ੍ਰਬੰਧਨ ਨੇ ਆਪਸੀ ਤੌਰ 'ਤੇ ਉਨ੍ਹਾਂ ਦੀ ਪਿੱਠ ਦੀ ਸਮੱਸਿਆ ਦੇ ਮੱਦੇਨਜ਼ਰ ਕ੍ਰਿਕਟ ਦੇ ਲੰਬੇ ਫਾਰਮੈਟ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ।
ਇਸ ਹਫਤੇ ਦੇ ਸ਼ੁਰੂ ਵਿਚ ਉਨ੍ਹਾਂ ਨੂੰ 9 ਸਤੰਬਰ ਤੋਂ ਗ੍ਰੇਟਰ ਨੋਇਡਾ ਵਿਚ ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲੇ ਇਕਮਾਤਰ ਟੈਸਟ ਲਈ ਸ਼ੁਰੂਆਤੀ ਟੀਮ ਵਿਚ ਨਹੀਂ ਚੁਣਿਆ ਗਿਆ ਸੀ। ਅਕਤੂਬਰ-ਨਵੰਬਰ 'ਚ ਭਾਰਤ 'ਚ ਹੋਏ ਵਨਡੇ ਵਿਸ਼ਵ ਕੱਪ ਤੋਂ ਬਾਅਦ ਰਾਸ਼ਿਦ ਦੀ ਪਿੱਠ ਦੀ ਸਰਜਰੀ ਹੋਈ ਸੀ ਅਤੇ ਉਸ ਤੋਂ ਬਾਅਦ ਉਹ 4 ਮਹੀਨੇ ਤੱਕ ਖੇਡ ਤੋਂ ਬਾਹਰ ਰਹੇ ਸਨ।
ਉਹ ਹਾਲ ਹੀ ਵਿੱਚ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਹੋਏ ਟੀ-20 ਵਿਸ਼ਵ ਕੱਪ ਦਾ ਹਿੱਸਾ ਸੀ, ਜਿੱਥੇ ਉਨ੍ਹਾਂ ਨੇ ਅਫਗਾਨਿਸਤਾਨ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ ਸੈਮੀਫਾਈਨਲ ਤੱਕ ਪਹੁੰਚਾਇਆ। 25 ਸਾਲਾ ਰਾਸ਼ਿਦ ਨੇ ਹਾਲ ਹੀ 'ਚ ਕਾਬੁਲ 'ਚ ਸ਼ਪੇਜ਼ੇਜ਼ਾ ਟੀ-20 ਲੀਗ 'ਚ 3 ਮੈਚ ਖੇਡੇ ਅਤੇ ਕੁੱਲ 6 ਵਿਕਟਾਂ ਲਈਆਂ।
ਸੂਤਰ ਨੇ ਕਿਹਾ, 'ਸਰਜਰੀ ਤੋਂ ਬਾਅਦ ਰਾਸ਼ਿਦ ਦੀ ਯੋਜਨਾ ਹੌਲੀ-ਹੌਲੀ ਆਪਣੇ ਕੰਮ ਦਾ ਬੋਝ ਵਧਾਉਣ ਦੀ ਸੀ। ਅਗਲੇ ਛੇ ਮਹੀਨਿਆਂ ਤੋਂ ਇੱਕ ਸਾਲ ਤੱਕ ਲੰਬੇ ਫਾਰਮੈਟ ਵਿੱਚ ਨਾ ਖੇਡਣਾ ਵੀ ਯੋਜਨਾ ਦਾ ਹਿੱਸਾ ਸੀ। ਉਨ੍ਹਾਂ ਨੇ ਕਿਹਾ, 'ਟੈਸਟ ਵਿਚ ਉਨ੍ਹਾਂ ਨੂੰ ਇਕ ਸਿਰੇ ਤੋਂ ਗੇਂਦਬਾਜ਼ੀ ਕਰਨੀ ਪਵੇਗੀ ਅਤੇ ਉਨ੍ਹਾਂ ਦੀ ਪਿੱਠ ਅਜਿਹੇ ਕੰਮ ਦੇ ਬੋਝ ਲਈ ਤਿਆਰ ਨਹੀਂ ਹੈ। ਉਨ੍ਹਾਂ ਨੂੰ ਅਗਲੇ ਮਹੀਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਲਈ ਉਪਲਬਧ ਹੋਣਾ ਚਾਹੀਦਾ ਹੈ'।
ਰਾਸ਼ਿਦ ਨੇ ਅਫਗਾਨਿਸਤਾਨ ਲਈ 5 ਟੈਸਟ, 103 ਵਨਡੇ ਅਤੇ 93 ਟੀ-20 ਮੈਚ ਖੇਡੇ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਅਮਰੀਕਾ 'ਚ 'ਦਿ ਹੰਡਰਡ' ਦੌਰਾਨ ਵੀ ਉਨ੍ਹਾਂਨੂੰ ਹੈਮਸਟ੍ਰਿੰਗ ਦੀ ਸੱਟ ਲੱਗ ਗਈ ਸੀ। ਤੁਹਾਨੂੰ ਦੱਸ ਦਈਏ ਕਿ ਅਫਗਾਨਿਸਤਾਨ ਦੀ ਟੀਮ ਪਹਿਲਾਂ ਤੋਂ ਹੀ ਗ੍ਰੇਟਰ ਨੋਇਡਾ ਵਿੱਚ ਹੈ ਜੋ ਕਿ ਉਨ੍ਹਾਂ ਦਾ ਘਰੇਲੂ ਮੈਦਾਨ ਹੈ ਅਤੇ ਨਿਊਜ਼ੀਲੈਂਡ ਖਿਲਾਫ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।