ਨਵੀਂ ਦਿੱਲੀ— ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਅੱਜ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਆਈ.ਪੀ.ਐੱਲ ਦਾ ਮੈਚ ਖੇਡਿਆ ਜਾਣਾ ਹੈ। ਇਸ ਮੈਚ 'ਚ ਸ਼ਿਖਰ ਧਵਨ ਦੀ ਟੀਮ ਦਾ ਸਾਹਮਣਾ ਸੰਜੂ ਸੈਮਸਨ ਦੀ ਟੀਮ ਨਾਲ ਹੋਵੇਗਾ। ਰਾਜਸਥਾਨ ਦੀ ਟੀਮ ਇਸ ਸੀਜ਼ਨ 'ਚ ਸ਼ਾਨਦਾਰ ਫਾਰਮ 'ਚ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦਾ ਹੁਣ ਤੱਕ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਹੈ। ਮੈਚ ਤੋਂ ਪਹਿਲਾਂ, ਦੋਵੇਂ ਟੀਮਾਂ ਦੇ ਅੰਕੜੇ, ਸੰਭਾਵਿਤ ਪਲੇਇੰਗ-11 ਅਤੇ ਪਿੱਚ ਦੀ ਰਿਪੋਰਟ ਜਾਣੋ।
ਇਸ ਸੀਜ਼ਨ 'ਚ ਹੁਣ ਤੱਕ ਦੋਵਾਂ ਟੀਮਾਂ ਦਾ ਪ੍ਰਦਰਸ਼ਨ: ਆਈਪੀਐੱਲ ਦੇ 17ਵੇਂ ਸੀਜ਼ਨ 'ਚ ਦੋਵਾਂ ਟੀਮਾਂ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ 5 'ਚੋਂ 4 ਮੈਚ ਜਿੱਤ ਕੇ ਅੰਕ ਸੂਚੀ 'ਚ ਚੋਟੀ 'ਤੇ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੀ ਟੀਮ ਨੇ ਵੀ ਹੁਣ ਤੱਕ ਇੰਨੇ ਹੀ ਮੈਚ ਖੇਡੇ ਹਨ ਪਰ 3 ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਿਰਫ਼ 2 ਮੈਚ ਹੀ ਜਿੱਤੇ ਹਨ। ਪੰਜਾਬ ਦੀ ਟੀਮ ਇਸ ਸਮੇਂ ਅੰਕ ਸੂਚੀ ਵਿੱਚ 8ਵੇਂ ਸਥਾਨ 'ਤੇ ਹੈ।
PBKS vs RR Head to Head: IPL ਦੇ ਇਤਿਹਾਸ ਵਿੱਚ, ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ 26 ਵਾਰ ਇੱਕ ਦੂਜੇ ਨਾਲ ਭਿੜ ਚੁੱਕੀਆਂ ਹਨ। ਇਸ ਦੌਰਾਨ ਰਾਜਸਥਾਨ ਰਾਇਲਜ਼ ਨੇ ਜ਼ਿਆਦਾ ਵਾਰ ਜਿੱਤ ਦਾ ਸਵਾਦ ਚੱਖਿਆ ਹੈ ਅਤੇ 15 ਵਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਨੇ 11 ਮੈਚ ਜਿੱਤੇ ਹਨ। ਦੋਵਾਂ ਵਿਚਾਲੇ ਪਿਛਲੇ 5 ਮੈਚਾਂ 'ਚ ਵੀ ਰਾਜਸਥਾਨ ਦਾ ਦਬਦਬਾ ਰਿਹਾ ਹੈ। ਰਾਜਸਥਾਨ ਨੇ ਪਿਛਲੇ 5 ਮੈਚਾਂ ਵਿੱਚੋਂ 3 ਵਿੱਚ ਜਿੱਤ ਦਰਜ ਕੀਤੀ ਹੈ। ਹਾਲਾਂਕਿ ਰਾਜਸਥਾਨ ਲਈ ਅੱਜ ਪੰਜਾਬ ਕਿੰਗਜ਼ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਹਰਾਉਣਾ ਆਸਾਨ ਨਹੀਂ ਹੋਵੇਗਾ।