ਪੈਰਿਸ (ਫਰਾਂਸ): ਪੈਰਿਸ ਓਲੰਪਿਕ 2024 ਵਿਚ ਵੀਰਵਾਰ ਨੂੰ ਪੁਰਸ਼ਾਂ ਦੇ ਜੈਵਲਿਨ ਥਰੋਅ ਈਵੈਂਟ ਦਾ ਫਾਈਨਲ ਖੇਡਿਆ ਗਿਆ। ਭਾਰਤ ਨੂੰ ਆਪਣੇ ਗੋਲਡਨ ਬੁਆਏ ਨੀਰਜ ਚੋਪੜਾ ਤੋਂ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤਣ ਦੀ ਉਮੀਦ ਸੀ। ਪਰ, ਕੱਲ੍ਹ ਨੀਰਜ ਦਾ ਦਿਨ ਨਹੀਂ ਸੀ ਅਤੇ ਉਨ੍ਹਾਂ ਦੇ ਹੱਥੋਂ ਗੋਲਡ ਮੈਡਲ ਖਿਸਕ ਗਿਆ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਓਲੰਪਿਕ ਰਿਕਾਰਡ ਤੋੜਦਿਆਂ 92.97 ਮੀਟਰ ਸੁੱਟ ਕੇ ਸੋਨ ਤਗਮਾ ਜਿੱਤਿਆ। ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣ ਦੇ ਬਾਵਜੂਦ 26 ਸਾਲਾ ਭਾਰਤੀ ਐਥਲੀਟ ਨੀਰਜ ਚੋਪੜਾ ਨੇ ਅਜਿਹਾ ਕਾਰਨਾਮਾ ਕਰ ਲਿਆ ਜੋ ਅੱਜ ਤੱਕ ਕੋਈ ਵੀ ਭਾਰਤੀ ਐਥਲੀਟ ਨਹੀਂ ਕਰ ਸਕਿਆ ਹੈ।
ਟਰੈਕ ਅਤੇ ਫੀਲਡ ਵਿੱਚ 2 ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਗੋਲਡ ਮੈਡਲ ਤੋਂ ਖੁੰਝਣ ਦੇ ਬਾਵਜੂਦ ਇੱਕ ਵੱਡਾ ਰਿਕਾਰਡ ਬਣਾਇਆ ਹੈ। ਨੀਰਜ ਨੇ 89.45 ਮੀਟਰ ਦੇ ਆਪਣੇ ਸੀਜ਼ਨ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ ਅਤੇ ਲਗਾਤਾਰ ਦੂਜੀ ਓਲੰਪਿਕ ਵਿੱਚ ਟਰੈਕ ਅਤੇ ਫੀਲਡ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਨੀਰਜ ਨੇ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ, ਹੁਣ ਪੈਰਿਸ 'ਚ ਸਿਲਵਰ ਮੈਡਲ ਜਿੱਤਿਆ ਹੈ।
ਲਗਾਤਾਰ ਓਲੰਪਿਕ ਵਿੱਚ ਵਿਅਕਤੀਗਤ ਤਗਮੇ ਜਿੱਤਣ ਵਾਲਾ ਤੀਜਾ ਭਾਰਤੀ:ਪੈਰਿਸ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਦੇ ਨਾਲ, ਨੀਰਜ ਚੋਪੜਾ ਲਗਾਤਾਰ 2 ਓਲੰਪਿਕ (2021, 2024) ਵਿੱਚ ਵਿਅਕਤੀਗਤ ਖੇਡਾਂ ਵਿੱਚ ਤਮਗਾ ਜਿੱਤਣ ਵਾਲੇ ਤੀਜੇ ਭਾਰਤੀ ਬਣ ਗਏ ਹਨ। ਨੀਰਜ ਤੋਂ ਪਹਿਲਾਂ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ (2008 ਅਤੇ 2012) ਅਤੇ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ (2016 ਅਤੇ 2021) ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।
1 ਤੋਂ ਵੱਧ ਵਿਅਕਤੀਗਤ ਓਲੰਪਿਕ ਤਮਗਾ ਜਿੱਤਣ ਵਾਲਾ 5ਵਾਂ ਭਾਰਤੀ: ਨੀਰਜ ਚੋਪੜਾ ਨੇ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਓਲੰਪਿਕ ਵਿੱਚ ਵਿਅਕਤੀਗਤ ਖੇਡਾਂ ਵਿੱਚ ਇੱਕ ਤੋਂ ਵੱਧ ਤਗਮੇ ਜਿੱਤਣ ਵਾਲਾ ਸਿਰਫ਼ 5ਵਾਂ ਭਾਰਤੀ ਐਥਲੀਟ ਬਣ ਗਏ ਹਨ। ਵਿਅਕਤੀਗਤ ਖੇਡਾਂ ਵਿੱਚ ਇੱਕ ਤੋਂ ਵੱਧ ਤਗਮੇ ਜਿੱਤਣ ਵਾਲੇ ਖਿਡਾਰੀ:-
- ਨੌਰਮਨ ਪ੍ਰਿਚਰਡ:2 ਚਾਂਦੀ
- ਸੁਸ਼ੀਲ ਕੁਮਾਰ: 1 ਚਾਂਦੀ, 1 ਕਾਂਸੀ
- ਪੀਵੀ ਸਿੰਧੂ: 1 ਚਾਂਦੀ, 1 ਕਾਂਸੀ
- ਮਨੂ ਭਾਕਰ:2 ਕਾਂਸੀ
- ਨੀਰਜ ਚੋਪੜਾ: 1 ਸੋਨਾ, 1 ਚਾਂਦੀ
ਵਿਅਕਤੀਗਤ ਖੇਡਾਂ ਵਿੱਚ ਸਭ ਤੋਂ ਸਫਲ ਭਾਰਤੀ ਐਥਲੀਟ: ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ, ਨੀਰਜ ਚੋਪੜਾ ਵਿਅਕਤੀਗਤ ਖੇਡਾਂ ਵਿੱਚ ਓਲੰਪਿਕ ਵਿੱਚ ਸਭ ਤੋਂ ਸਫਲ ਭਾਰਤੀ ਐਥਲੀਟ ਬਣ ਗਏ। ਨੀਰਜ ਚੋਪੜਾ ਨੇ ਓਲੰਪਿਕ ਵਿੱਚ (1 ਸੋਨ, 1 ਚਾਂਦੀ) ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ (1 ਚਾਂਦੀ, 1 ਕਾਂਸੀ), ਪਹਿਲਵਾਨ ਸੁਸ਼ੀਲ ਕੁਮਾਰ (1 ਚਾਂਦੀ, 1 ਕਾਂਸੀ) ਅਤੇ ਨਿਸ਼ਾਨੇਬਾਜ਼ ਮਨੂ ਭਾਕਰ (2 ਕਾਂਸੀ) ਨੇ 2-2 ਓਲੰਪਿਕ ਤਗਮੇ ਜਿੱਤੇ ਹਨ।