ਹੈਮਿਲਟਨ : ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ 3 ਟੈਸਟ ਮੈਚਾਂ ਦੀ ਸੀਰੀਜ਼ 'ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਬੱਲੇ ਨਾਲ ਤਬਾਹੀ ਮਚਾਈ ਹੈ। ਸੇਡਨ ਪਾਰਕ 'ਚ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਦੇ ਚੌਥੇ ਦਿਨ ਵਿਲੀਅਮਸਨ ਨੇ ਇਤਿਹਾਸ ਰਚ ਦਿੱਤਾ ਹੈ। ਵਿਲੀਅਮਸਨ ਨੇ ਦੂਜੀ ਪਾਰੀ 'ਚ ਸ਼ਾਨਦਾਰ ਸੈਂਕੜਾ ਜੜ ਕੇ ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੂੰ ਪਿੱਛੇ ਛੱਡਦੇ ਹੋਏ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
ਸਭ ਤੋਂ ਤੇਜ਼ 32 ਟੈਸਟ ਸੈਂਕੜੇ ਕੀਤੇ ਪੂਰੇ: ਜਿਵੇਂ ਹੀ ਕੇਨ ਵਿਲੀਅਮਸਨ ਨੇ ਦੱਖਣੀ ਅਫਰੀਕਾ ਦੇ ਲੈੱਗ ਸਪਿਨਰ ਸ਼ੌਨ ਵਾਨ ਬਰਗ ਦੀ ਗੇਂਦ 'ਤੇ ਸਿੰਗਲ ਰਨ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ, ਉਨ੍ਹਾਂ ਨੇ ਇਤਿਹਾਸ ਰਚ ਦਿੱਤਾ। ਵਿਲੀਅਮਸਨ ਹੁਣ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ 32 ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਕੇਨ ਨੇ ਸਿਰਫ 98 ਮੈਚਾਂ ਦੀਆਂ 172 ਪਾਰੀਆਂ 'ਚ ਆਪਣੇ 32 ਸੈਂਕੜੇ ਪੂਰੇ ਕੀਤੇ ਅਤੇ ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ (107 ਮੈਚਾਂ ਦੀਆਂ 174 ਪਾਰੀਆਂ 'ਚ 32 ਸੈਂਕੜੇ) ਦਾ ਰਿਕਾਰਡ ਤੋੜ ਦਿੱਤਾ।
ਚੌਥੀ ਪਾਰੀ ਵਿੱਚ ਸਭ ਤੋਂ ਵੱਧ ਸੈਂਕੜੇ: ਕੇਨ ਵਿਲੀਅਮਸਨ ਇਤਿਹਾਸ ਵਿੱਚ ਇੱਕ ਟੈਸਟ ਮੈਚ ਦੀ ਚੌਥੀ ਪਾਰੀ ਵਿੱਚ ਸਾਂਝੇ ਤੌਰ 'ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਦੱਖਣੀ ਅਫਰੀਕਾ ਖਿਲਾਫ ਤੀਜੇ ਟੈਸਟ ਦੀ ਦੂਜੀ ਪਾਰੀ 'ਚ ਸੈਂਕੜਾ ਲਗਾਉਣ ਦੇ ਨਾਲ ਹੀ ਉਨ੍ਹਾਂ ਨੇ ਚੌਥੀ ਪਾਰੀ 'ਚ 5 ਸੈਂਕੜਿਆਂ ਦਾ ਅੰਕੜਾ ਪੂਰਾ ਕਰ ਲਿਆ ਅਤੇ ਚੌਥੀ ਪਾਰੀ 'ਚ ਸਭ ਤੋਂ ਜ਼ਿਆਦਾ 5 ਸੈਂਕੜੇ ਲਗਾਉਣ ਦੇ ਸਾਬਕਾ ਪਾਕਿਸਤਾਨੀ ਬੱਲੇਬਾਜ਼ ਯੂਨਿਸ ਖਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ।
ਫੈਬ-4 'ਚ ਸਿਖਰ 'ਤੇ ਪਹੁੰਚੇ: ਵਿਲੀਅਮਸਨ ਨੇ ਟੈਸਟ ਕ੍ਰਿਕਟ ਵਿੱਚ ਆਪਣਾ 32ਵਾਂ ਸੈਂਕੜਾ ਜੜਦਿਆਂ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ। ਵਿਲੀਅਮਸਨ ਹੁਣ ਫੈਬ-4 'ਚ ਸਭ ਤੋਂ ਜ਼ਿਆਦਾ ਟੈਸਟ ਸੈਂਕੜਿਆਂ ਦੇ ਮਾਮਲੇ 'ਚ ਸਿਖਰ 'ਤੇ ਪਹੁੰਚ ਗਏ ਹਨ।