ਲਖਨਊ :ਉਮੀਦ ਕੀਤੀ ਜਾ ਰਹੀ ਸੀ ਕਿ ਮੁੰਬਈ ਅਤੇ ਰੈਸਟ ਆਫ ਇੰਡੀਆ ਇਲੈਵਨ ਵਿਚਾਲੇ ਇਰਾਨੀ ਟਰਾਫੀ ਦੇ ਮੈਚ ਦਾ ਪੰਜਵਾਂ ਦਿਨ ਕਾਫੀ ਰੋਮਾਂਚਕ ਰਹੇਗਾ ਪਰ ਇਸ ਦੇ ਬਾਵਜੂਦ ਸ਼ਨੀਵਾਰ ਨੂੰ ਲਖਨਊ ਦੇ ਅਟਲ ਬਿਹਾਰੀ ਬਾਜਪਾਈ ਏਕਾਨਾ ਸਟੇਡੀਅਮ 'ਚ ਅਜਿਹਾ ਕੁਝ ਵੀ ਨਹੀਂ ਹੋਇਆ ਜੋ ਰੈਸਟ ਆਫ ਇੰਡੀਆ ਦੇ ਹੱਕ 'ਚ ਜਾਂਦਾ।
ਪਹਿਲੀ ਪਾਰੀ 'ਚ ਜਿੱਥੇ ਮੁੰਬਈ ਦੇ ਸਰਫਰਾਜ਼ ਖਾਨ ਨੇ ਦੋਹਰਾ ਸੈਂਕੜਾ ਲਗਾ ਕੇ ਰਣਜੀ ਟਰਾਫੀ ਜੇਤੂ ਟੀਮ ਨੂੰ ਚੰਗੀ ਬੜ੍ਹਤ 'ਤੇ ਲੈ ਆਉਂਦਾ, ਉਥੇ ਹੀ ਦੂਜੀ ਪਾਰੀ 'ਚ ਹੇਠਲੇ ਕ੍ਰਮ 'ਚ ਬੱਲੇਬਾਜ਼ੀ ਕਰਦੇ ਹੋਏ ਤਨੁਸ਼ ਕੋਟੀਅਨ ਨੇ ਸ਼ਾਨਦਾਰ ਸੈਂਕੜਾ ਜੜਿਆ ਤੇ ਰੈਸਟ ਆਫ ਇੰਡੀਆ ਇਲੈਵਨ ਟੀਮ ਨੂੰ ਕੋਈ ਮੌਕਾ ਨਹੀਂ ਮਿਲਿਆ।
ਜਦੋਂ ਮੁੰਬਈ ਨੇ 8 ਵਿਕਟਾਂ 'ਤੇ 329 ਦੌੜਾਂ 'ਤੇ ਆਪਣੀ ਪਾਰੀ ਖਤਮ ਕਰਨ ਦਾ ਐਲਾਨ ਕੀਤਾ, ਤਾਂ ਦੋਵੇਂ ਕਪਤਾਨ ਮੈਚ ਨੂੰ ਜਾਰੀ ਰੱਖਣ ਦਾ ਕੋਈ ਮਤਲਬ ਨਹੀਂ ਸਮਝਦੇ ਹੋਏ ਡਰਾਅ 'ਤੇ ਸਹਿਮਤ ਹੋ ਗਏ। ਜਿਸ 'ਚ ਮੁੰਬਈ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੈਚ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਰਫਰਾਜ਼ ਖਾਨ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਮੁੰਬਈ ਨੇ 27 ਸਾਲ ਬਾਅਦ ਇਸ ਟੂਰਨਾਮੈਂਟ ਵਿੱਚ ਜੇਤੂ ਬਣਨ ਦਾ ਮਾਣ ਹਾਸਲ ਕੀਤਾ।
ਸ਼ੁੱਕਰਵਾਰ ਸ਼ਾਮ ਨੂੰ ਜਦੋਂ ਮੁੰਬਈ ਨੇ ਆਪਣੀ ਦੂਜੀ ਪਾਰੀ 'ਚ 153 ਦੌੜਾਂ 'ਤੇ ਛੇ ਵਿਕਟਾਂ ਗੁਆ ਦਿੱਤੀਆਂ ਸਨ ਤਾਂ ਉਨ੍ਹਾਂ ਦੀ ਕੁੱਲ ਲੀਡ 274 ਦੌੜਾਂ ਹੋ ਗਈ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਜੇਕਰ ਮੈਚ ਦੇ ਆਖਰੀ ਦਿਨ ਰੈਸਟ ਆਫ ਇੰਡੀਆ ਪਹਿਲੇ ਸੈਸ਼ਨ 'ਚ ਮੁੰਬਈ ਨੂੰ ਸਸਤੇ 'ਚ ਸਮੇਟ ਦਿੰਦੀ ਹੈ ਤਾਂ ਇਹ ਮੈਚ ਰੋਮਾਂਚਕ ਬਣ ਜਾਵੇਗਾ।
ਸ਼ਨੀਵਾਰ ਨੂੰ ਮੁੰਬਈ ਦੇ ਪਹਿਲੇ ਸੈਸ਼ਨ 'ਚ 171 ਦੌੜਾਂ 'ਤੇ ਅੱਠ ਵਿਕਟਾਂ ਡਿੱਗੀਆਂ ਤਾਂ ਅਜਿਹਾ ਮਹਿਸੂਸ ਹੋਇਆ ਕਿ ਕਿਸੇ ਤਰ੍ਹਾਂ ਰੈਸਟ ਆਫ ਇੰਡੀਆ ਦੀ ਟੀਮ ਮੁਕਾਬਲੇ 'ਚ ਵਾਪਸੀ ਕਰ ਚੁੱਕੀ ਹੈ। ਪਰ ਰਣਜੀ ਚੈਂਪੀਅਨ ਮੁੰਬਈ ਦੇ ਬਾਕੀ ਬੱਲੇਬਾਜ਼ਾਂ ਨੇ ਵੱਖਰਾ ਟੀਚਾ ਰੱਖਿਆ ਸੀ। ਅਜਿਹੇ ਸਮੇਂ ਵਿੱਚ ਤਨੁਸ਼ ਕੋਟੀਅਨ ਅਤੇ ਮੋਹਿਤ ਅਵਸਥੀ ਨੇ ਮੋਰਚਾ ਸੰਭਾਲ ਲਿਆ।
ਇਸ ਤੋਂ ਬਾਅਦ ਮੈਚ ਡਰਾਅ ਹੋਣ ਤੱਕ ਉਹ ਆਊਟ ਨਹੀਂ ਹੋਏ ਅਤੇ ਦੋਵਾਂ ਨੇ ਮਿਲ ਕੇ 158 ਦੌੜਾਂ ਦੀ ਸਾਂਝੇਦਾਰੀ ਕੀਤੀ। ਤਨੁਸ਼ ਨੇ 150 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕੇ ਅਤੇ ਇਕ ਛੱਕਾ ਲਗਾਇਆ ਅਤੇ ਅਜੇਤੂ ਰਹਿੰਦੇ ਹੋਏ 114 ਦੌੜਾਂ ਬਣਾਈਆਂ। ਦੂਜੇ ਪਾਸੇ ਤੇਜ਼ ਗੇਂਦਬਾਜ਼ ਮੋਹਿਤ ਅਵਸਥੀ ਨੇ ਵੀ ਬੱਲੇ ਦੇ ਨਾਲ ਪੂਰਾ ਸਾਥ ਦਿੱਤਾ। ਉਨ੍ਹਾਂ ਨੇ 93 ਗੇਂਦਾਂ 'ਚ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 51 ਦੌੜਾਂ ਦਾ ਯੋਗਦਾਨ ਪਾਇਆ।
ਜਦੋਂ ਮੁੰਬਈ ਦਾ ਸਕੋਰ ਅੱਠ ਵਿਕਟਾਂ 'ਤੇ 329 ਦੌੜਾਂ 'ਤੇ ਪਹੁੰਚਿਆ ਤਾਂ ਕਪਤਾਨ ਅਜਿੰਕਿਆ ਰਹਾਣੇ ਨੇ ਪਾਰੀ ਦੇ ਅੰਤ ਦਾ ਐਲਾਨ ਕਰ ਦਿੱਤਾ। ਬਾਅਦ 'ਚ ਰੈਸਟ ਆਫ ਇੰਡੀਆ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਅੱਗੇ ਬੱਲੇਬਾਜ਼ੀ ਕਰਨਾ ਉਚਿਤ ਨਹੀਂ ਸਮਝਿਆ ਅਤੇ ਦੋਵਾਂ ਕਪਤਾਨਾਂ ਦੀ ਸਹਿਮਤੀ ਦੇ ਆਧਾਰ 'ਤੇ ਮੈਚ ਨੂੰ ਡਰਾਅ ਐਲਾਨ ਦਿੱਤਾ ਗਿਆ। ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਰਣਜੀ ਚੈਂਪੀਅਨ ਮੁੰਬਈ ਇਸ ਵਾਰ ਇਰਾਨੀ ਟਰਾਫੀ ਦੀ ਜੇਤੂ ਬਣੀ।