ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਦਿੱਗਜ ਕਪਤਾਨ ਨੇ ਆਪਣਾ ਜਨਮਦਿਨ ਮੁੰਬਈ ਵਿੱਚ ਮਨਾਇਆ ਜਿੱਥੇ ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਏ ਸਨ। ਧੋਨੀ ਦੇ ਜਨਮਦਿਨ 'ਤੇ ਬੀਸੀਸੀਆਈ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇੱਕ ਪੋਸਟ ਕੀਤਾ ਹੈ। ਬੀਸੀਸੀਆਈ ਨੇ ਲਿਖਿਆ, ਸਹੀ ਅਰਥਾਂ 'ਚ ਟੀਮ ਇੰਡੀਆ ਕੈਪਟਨ ਅਤੇ ਖੇਡ ਨੂੰ ਸ਼ਾਨਦਾਨ ਬਣਾਉਣ ਵਾਲੇ ਸਭ ਤੋਂ ਵਧੀਆ ਖਿਡਾਰੀਆਂ ਵਿਚੋਂ ਇੱਕ ਐੱਮਐੱਸ ਧੋਨੀ ਨੂੰ ਜਨਮਦਿਨ ਦੀਆਂ ਮੁਬਾਰਕਾਂ।
ਧੋਨੀ ਦੇ ਜਨਮਦਿਨ ਦਾ ਜਸ਼ਨ ਮਨਾਉਂਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਧੋਨੀ ਆਪਣੀ ਪਤਨੀ ਸਾਕਸ਼ੀ ਦੇ ਨਾਲ ਕੇਕ ਕੱਟ ਰਹੇ ਹਨ, ਇਸ ਦੌਰਾਨ ਸਲਮਾਨ ਖਾਨ ਵੀ ਮੌਜੂਦ ਸਨ। ਸਲਮਾਨ ਖਾਨ ਸਮੇਤ ਕਈ ਵੱਡੀਆਂ ਹਸਤੀਆਂ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਸਨ। ਇਸ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਅੱਧੀ ਰਾਤ ਨੂੰ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ। ਜਿੱਥੇ ਸਲਮਾਨ ਖਾਨ ਦੀ ਸਰਪ੍ਰਾਈਜ਼ ਐਂਟਰੀ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਧੋਨੀ ਨੇ ਜਦੋਂ ਕੇਕ ਕੱਟਿਆ ਤਾਂ ਉਨ੍ਹਾਂ ਦੀ ਪਤਨੀ ਸਾਕਸ਼ੀ ਵੀ ਮੌਜੂਦ ਸੀ। ਸਾਕਸ਼ੀ ਨੇ ਕੇਕ ਕੱਟਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ।
ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਐਮਐਸ ਧੋਨੀ ਨਾਲ ਕੇਕ ਕੱਟਣ ਦੀ ਫੋਟੋ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਸ਼ਾਨਦਾਰ ਕੈਪਸ਼ਨ ਦਿੱਤਾ ਹੈ। ਸਲਮਾਨ ਖਾਨ ਨੇ ਲਿਖਿਆ, ਜਨਮਦਿਨ ਮੁਬਾਰਕ ਕੈਪਟਨ ਸਾਹਬ। ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਅਤੇ ਕੈਪਟਨ ਕੂਲ ਵਜੋਂ ਮਸ਼ਹੂਰ ਕੈਪਟਨ ਐਮਐਸ ਧੋਨੀ ਨੇ ਝਾਰਖੰਡ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਆਪਣੀ ਪਾਵਰ-ਹਿਟਿੰਗ ਅਤੇ ਸ਼ਾਨਦਾਰ ਫਿਨਿਸ਼ਿੰਗ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ।
ਧੋਨੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਧੋਨੀ ਨੇ 90 ਟੈਸਟ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 38.09 ਦੀ ਔਸਤ ਨਾਲ 4876 ਦੌੜਾਂ ਬਣਾਈਆਂ ਜਿਸ ਵਿੱਚ 6 ਸੈਂਕੜੇ ਅਤੇ 33 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਧੋਨੀ ਨੇ 350 ਵਨਡੇ ਮੈਚ ਖੇਡੇ ਹਨ, ਜਿਸ 'ਚ 50.58 ਦੀ ਔਸਤ ਨਾਲ 10773 ਦੌੜਾਂ ਉਨ੍ਹਾਂ ਦੇ ਨਾਮ 'ਤੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ 126.13 ਦੀ ਸਟ੍ਰਾਈਕ ਰੇਟ ਨਾਲ 1617 ਟੀ-20 ਦੌੜਾਂ ਵੀ ਬਣਾਈਆਂ ਹਨ।
ਦੁਨੀਆ ਹਮੇਸ਼ਾ ਧੋਨੀ ਨੂੰ 2011 ਵਨਡੇ ਵਿਸ਼ਵ ਕੱਪ 'ਚ ਸ਼੍ਰੀਲੰਕਾ ਖਿਲਾਫ ਫਾਈਨਲ 'ਚ ਲਗਾਏ ਗਏ ਉਨ੍ਹਾਂ ਦੇ ਸ਼ਾਨਦਾਰ ਛੱਕੇ ਲਈ ਹਮੇਸ਼ਾ ਯਾਦ ਰੱਖੇਗੀ। ਉਹ ਪੂਰੇ ਟੂਰਨਾਮੈਂਟ 'ਚ ਫਾਰਮ 'ਚ ਨਹੀਂ ਸੀ ਪਰ ਉਨ੍ਹਾਂ ਨੇ ਇਸ ਮਹੱਤਵਪੂਰਨ ਮੁਕਾਬਲੇ ਦੇ ਫਾਈਨਲ 'ਚ 91 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਟੀਮ ਨੂੰ ਅਹਿਮ ਮੋੜ 'ਤੇ ਖਿਤਾਬ ਜਿੱਤਣ 'ਚ ਮਦਦ ਕੀਤੀ।