ਮੁੰਬਈ: ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ ਸੈਸ਼ਨ ਦੀ ਆਪਣੀ ਦੂਜੀ ਜਿੱਤ ਦਰਜ ਕੀਤੀ। ਮੁੰਬਈ ਨੇ ਆਰਸੀਬੀ ਵੱਲੋਂ ਦਿੱਤੇ 197 ਦੌੜਾਂ ਦੇ ਵੱਡੇ ਟੀਚੇ ਨੂੰ ਸਿਰਫ਼ 15.3 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਮੁੰਬਈ ਵੱਲੋਂ ਸਭ ਤੋਂ ਵੱਧ ਸਕੋਰਰ ਈਸ਼ਾਨ ਕਿਸ਼ਨ ਰਿਹਾ, ਜਿਸ ਨੇ 34 ਗੇਂਦਾਂ ਵਿੱਚ 69 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਦੇ ਨਾਲ ਹੀ ਸੂਰਿਆ ਵੀ ਮੈਚ 'ਚ ਪੁਰਾਣੇ ਅੰਦਾਜ਼ 'ਚ ਖੇਡਦੇ ਨਜ਼ਰ ਆਏ। ਸੂਰਿਆ ਨੇ ਸਿਰਫ 19 ਗੇਂਦਾਂ 'ਤੇ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਬਾਕੀ ਬਚਿਆ ਟਾਸਕ ਹਾਰਦਿਕ ਪੰਡਯਾ ਨੇ ਪੂਰਾ ਕੀਤਾ, ਜਿਸ ਨੇ 6 ਗੇਂਦਾਂ 'ਤੇ ਨਾਬਾਦ 21 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਿਆ। ਇਸ ਜਿੱਤ ਨਾਲ ਮੁੰਬਈ ਇੰਡੀਅਨਜ਼ ਇਕ ਸਥਾਨ ਦੇ ਫਾਇਦੇ ਨਾਲ 7ਵੇਂ ਨੰਬਰ 'ਤੇ ਪਹੁੰਚ ਗਈ ਹੈ।
ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ 'ਚ 8 ਵਿਕਟਾਂ 'ਤੇ 196 ਦੌੜਾਂ ਬਣਾਈਆਂ। ਮੁੰਬਈ ਨੇ 15.3 ਓਵਰਾਂ 'ਚ 3 ਵਿਕਟਾਂ 'ਤੇ 199 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 21 ਦੌੜਾਂ ਦੇ ਕੇ 5 ਵਿਕਟਾਂ ਲਈਆਂ।