ਨਵੀਂ ਦਿੱਲੀ:ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਚੈਂਪੀਅਨਸ ਟਰਾਫੀ ਅਗਲੇ ਸਾਲ ਖੇਡੀ ਜਾਣੀ ਹੈ, ਇਸ ਲਈ ਟੂਰਨਾਮੈਂਟ 'ਚ ਭਾਰਤ ਦੀ ਸ਼ਮੂਲੀਅਤ ਇਕ ਮੁੱਦਾ ਬਣ ਗਈ ਹੈ। ਹੁਣ ਇਸ ਵਿਸ਼ੇ 'ਤੇ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਜੀਓ ਸੁਪਰ 'ਚ ਪ੍ਰਕਾਸ਼ਿਤ 'ਜੀਓ ਨਿਊਜ਼' ਦੀ ਰਿਪੋਰਟ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਮੁਲਾਕਾਤ ਕਰ ਸਕਦੇ ਹਨ। ਬੈਠਕ 'ਚ ਭਾਰਤੀ ਟੀਮ ਦੀ ਸ਼ਮੂਲੀਅਤ 'ਤੇ ਚਰਚਾ ਹੋਵੇਗੀ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਕਤੂਬਰ ਵਿੱਚ ਦੋਵਾਂ ਦੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਜਦੋਂ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੁਬਈ, ਯੂਏਈ ਵਿੱਚ ਹੋਣ ਵਾਲਾ ਹੈ। ਪੀਸੀਬੀ ਸਾਰੇ ਪ੍ਰਬੰਧਾਂ ਦੀ ਪੁਸ਼ਟੀ ਕਰਨ ਲਈ ਚੈਂਪੀਅਨਜ਼ ਟਰਾਫੀ ਦੇ ਸ਼ਡਿਊਲ ਦੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੀਸੀਬੀ ਨੇ ਟੂਰਨਾਮੈਂਟ ਦੇ ਪ੍ਰਸਤਾਵਿਤ ਪ੍ਰੋਗਰਾਮ ਦੇ ਆਧਾਰ 'ਤੇ ਆਰਜ਼ੀ ਬੁਕਿੰਗ ਕੀਤੀ ਹੈ। ICC ਵੱਲੋਂ ਅਕਤੂਬਰ ਦੇ ਅੰਤ ਤੱਕ ਅਧਿਕਾਰਤ ਤੌਰ 'ਤੇ ਪ੍ਰੋਗਰਾਮ ਦਾ ਐਲਾਨ ਕਰਨ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਆਈਸੀਸੀ ਦੇ ਵਫ਼ਦ ਨੇ ਉਸ ਸਥਾਨ ਦਾ ਮੁਆਇਨਾ ਕੀਤਾ ਜਿੱਥੇ ਟੂਰਨਾਮੈਂਟ ਖੇਡਿਆ ਜਾਣਾ ਹੈ। ਟੂਰਨਾਮੈਂਟ ਦੇ ਮੈਚ ਕਰਾਚੀ, ਰਾਵਲਪਿੰਡੀ, ਇਸਲਾਮਾਬਾਦ ਅਤੇ ਲਾਹੌਰ ਵਿੱਚ ਖੇਡੇ ਜਾਣੇ ਹਨ। ਵਫ਼ਦ ਸੁਰੱਖਿਆ ਪ੍ਰਬੰਧਾਂ ਤੋਂ ਸੰਤੁਸ਼ਟ ਸੀ ਅਤੇ ਇਸ ਲਈ ਖਰੜੇ ਨੂੰ ਅੰਤਿਮ ਰੂਪ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਅਕਤੂਬਰ 'ਚ ਖੇਡਿਆ ਜਾਵੇਗਾ ਅਤੇ ਦੋਵੇਂ ਈਵੈਂਟ ਦੌਰਾਨ ਮੌਜੂਦ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਭਾਰਤ ਨੇ 2008 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ ਅਤੇ 2012-13 ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ ਹੈ।