ਬ੍ਰਿਸਬੇਨ/ਆਸਟਰੇਲੀਆ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬ੍ਰਿਸਬੇਨ ਦੇ ਗਾਬਾ ਕ੍ਰਿਕਟ ਮੈਦਾਨ 'ਤੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਬਾਰਡਰ ਗਾਵਸਕਰ ਟਰਾਫੀ ਦੇ ਤੀਜੇ ਮੈਚ 'ਚ ਆਪਣੀ ਛੇਵੀਂ ਵਿਕਟ ਲੈ ਕੇ ਇਤਿਹਾਸ ਰਚ ਦਿੱਤਾ ਹੈ।
ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼
ਬੁਮਰਾਹ ਆਸਟ੍ਰੇਲੀਆ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਇਸ ਵਿਕਟ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ 'ਚ ਆਪਣੇ 50 ਟੈਸਟ ਵਿਕਟ ਪੂਰੇ ਕਰ ਲਏ ਹਨ। ਇਸ ਨਾਲ ਬੁਮਰਾਹ ਆਸਟ੍ਰੇਲੀਆ 'ਚ ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ 10 ਮੈਚਾਂ 'ਚ 50 ਵਿਕਟਾਂ ਲਈਆਂ ਹਨ।
ਕਪਿਲ ਦੇਵ ਚੋਂ ਸਿਰਫ 2 ਵਿਕਟ ਪਿੱਛੇ ਜਸਪ੍ਰੀਤ ਬੁਮਰਾਹ
ਜਸਪ੍ਰੀਤ ਬੁਮਰਾਹ ਕਪਿਲ ਦੇਵ ਤੋਂ ਸਿਰਫ 2 ਵਿਕਟਾਂ ਪਿੱਛੇ ਹਨ। ਆਸਟ੍ਰੇਲੀਆ ਵਿਚ ਭਾਰਤ ਲਈ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੇ ਨਾਂ ਹੈ। ਕਪਿਲ ਦੇਵ ਦੇ ਨਾਂ ਆਸਟਰੇਲੀਆ 'ਚ 51 ਟੈਸਟ ਵਿਕਟਾਂ ਹਨ। ਹੁਣ ਬੁਮਰਾਹ ਆਸਟਰੇਲੀਆ ਵਿੱਚ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣਨ ਤੋਂ ਸਿਰਫ਼ ਦੋ ਵਿਕਟਾਂ ਦੂਰ ਹਨ।
ਬੁਮਰਾਹ ਨੇ ਅਨਿਲ ਕੁੰਬਲੇ ਨੂੰ ਪਿੱਛੇ ਛੱਡਿਆ
ਜਸਪ੍ਰੀਤ ਬੁਮਰਾਹ ਨੇ ਸਾਬਕਾ ਲੈੱਗ ਸਪਿਨਰ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਕੇ ਆਸਟ੍ਰੇਲੀਆ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਕੁੰਬਲੇ ਨੇ ਆਸਟ੍ਰੇਲੀਆ 'ਚ 49 ਟੈਸਟ ਵਿਕਟਾਂ ਲਈਆਂ ਹਨ। ਹੁਣ ਬੁਮਰਾਹ ਨੇ ਉਸ ਨੂੰ ਪਛਾੜ ਦਿੱਤਾ ਹੈ ਅਤੇ 50 ਵਿਕਟਾਂ ਲੈ ਕੇ ਉਸ ਤੋਂ ਉਪਰ ਪਹੁੰਚ ਗਏ ਹਨ।
ਗਾਬਾ ਟੈਸਟ ਦੀ ਹੁਣ ਤੱਕ ਦੀ ਸਥਿਤੀ
ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਦਿਨ ਮੀਂਹ ਕਾਰਨ ਸਿਰਫ਼ 13.2 ਓਵਰ ਹੀ ਖੇਡੇ ਗਏ, ਜਿਸ ਵਿੱਚ ਆਸਟਰੇਲੀਆ ਨੇ ਬਿਨਾਂ ਕੋਈ ਵਿਕਟ ਗੁਆਏ 28 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੈਚ ਦੇ ਦੂਜੇ ਦਿਨ ਆਸਟਰੇਲੀਆ ਨੇ ਟ੍ਰੈਵਿਸ ਹੈੱਡ 152 ਅਤੇ ਸਟੀਵ ਸਮਿਥ ਦੀਆਂ 101 ਦੌੜਾਂ ਦੀ ਬਦੌਲਤ 101 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 405 ਦੌੜਾਂ ਬਣਾਈਆਂ। ਹੁਣ ਤੀਜੇ ਦਿਨ ਭਾਰਤ ਨੇ ਆਸਟ੍ਰੇਲੀਆ ਨੂੰ 117.1 ਓਵਰਾਂ 'ਚ 445 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਹੈ।