ਨਵੀਂ ਦਿੱਲੀ:ਭਾਰਤ ਦੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਸ਼ਾਨਦਾਰ ਗੇਂਦਬਾਜ਼ਾਂ ਵਿੱਚੋਂ ਇੱਕ ਹਨ, ਜੋ ਆਪਣੀ ਘਾਤਕ ਗਤੀ, ਸ਼ੁੱਧਤਾ ਅਤੇ ਯਾਰਕਰ ਸੁੱਟਣ ਦੀ ਸਮਰੱਥਾ ਲਈ ਜਾਣੇ ਜਾਂਦੇ ਹਨ। 2016 ਵਿੱਚ ਟੀਮ ਇੰਡੀਆ ਲਈ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ ਜਲਦੀ ਹੀ ਆਪਣੇ ਆਪ ਨੂੰ ਸਾਰੇ ਫਾਰਮੈਟਾਂ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਸਥਾਪਿਤ ਕੀਤਾ।
ਡੈਥ ਗੇਂਦਬਾਜ਼ੀ ਦੇ ਮਾਹਿਰ ਹਨ ਬੁਮਰਾਹ:ਬੁਮਰਾਹ ਖਾਸ ਤੌਰ 'ਤੇ ਆਪਣੀ ਡੈਥ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ, ਜਿੱਥੇ ਉਹ ਦੌੜਾਂ ਰੋਕਣ ਅਤੇ ਮਹੱਤਵਪੂਰਨ ਵਿਕਟਾਂ ਲੈਣ ਵਿੱਚ ਮਾਹਿਰ ਹਨ। ਇਸ ਅਸਾਧਾਰਨ ਯੋਗਤਾ ਨੇ ਉਨ੍ਹਾਂ ਨੂੰ ਵਿਸ਼ਵ ਕ੍ਰਿਕਟ ਦੇ ਸਭ ਤੋਂ ਖਤਰਨਾਕ ਗੇਂਦਬਾਜ਼ਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਹਾਲਾਂਕਿ, ਬੁਮਰਾਹ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਕਿਸ ਬੱਲੇਬਾਜ਼ ਨੂੰ ਗੇਂਦਬਾਜ਼ੀ ਕਰਨਾ ਮੁਸ਼ਕਿਲ ਲੱਗਦਾ ਹੈ।
ਕਿਸ ਬੱਲੇਬਾਜ਼ ਨੂੰ ਗੇਂਦਬਾਜ਼ੀ ਕਰਨੀ ਮੁਸ਼ਕਿਲ?: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਬੁਮਰਾਹ ਨੂੰ ਇਕ ਪ੍ਰੋਗਰਾਮ ਦੌਰਾਨ ਪੁੱਛਿਆ ਗਿਆ ਸੀ ਕਿ ਕੀ ਅਜਿਹਾ ਕੋਈ ਬੱਲੇਬਾਜ਼ ਹੈ, ਜਿਸ ਦੇ ਖਿਲਾਫ ਗੇਂਦਬਾਜ਼ੀ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਰਿਹਾ ਹੋਵੇ। ਬੁਮਰਾਹ ਨੇ ਬਿਨਾਂ ਕਿਸੇ ਬੱਲੇਬਾਜ਼ ਦਾ ਨਾਂ ਲਏ ਇਸ ਸਵਾਲ ਦਾ ਬਹੁਤ ਹੀ ਚੁਸਤ ਜਵਾਬ ਦਿੱਤਾ।
ਬੁਮਰਾਹ ਨੇ ਕਿਹਾ, 'ਦੇਖੋ ਮੈਂ ਚੰਗਾ ਜਵਾਬ ਦੇਣਾ ਚਾਹੁੰਦਾ ਹਾਂ ਪਰ ਅਸਲ ਗੱਲ ਇਹ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਦਿਮਾਗ 'ਤੇ ਹਾਵੀ ਹੋਵੇ ਕਿਉਂਕਿ ਜ਼ਾਹਿਰ ਹੈ ਕਿ ਮੈਂ ਸਾਰਿਆਂ ਦੀ ਇੱਜ਼ਤ ਕਰਦਾ ਹਾਂ, ਪਰ ਮੈਂ ਆਪਣੇ ਮਨ 'ਚ ਆਪਣੇ ਆਪ ਨੂੰ ਕਹਿੰਦਾ ਹਾਂ ਕਿ ਜੇਕਰ ਮੈਂ ਆਪਣਾ ਕੰਮ ਚੰਗੀ ਤਰ੍ਹਾਂ ਕਰਾਂਗਾ ਤਾਂ ਸੰਸਾਰ ਵਿੱਚ ਕੋਈ ਵੀ ਮੈਨੂੰ ਰੋਕ ਨਹੀਂ ਸਕਦਾ ਹੈ'।
ਉਨ੍ਹਾਂ ਨੇ ਅੱਗੇ ਕਿਹਾ, 'ਇਸ ਲਈ ਮੈਂ ਇੱਕ ਵਿਰੋਧੀ ਦੀ ਬਜਾਏ ਆਪਣੇ ਆਪ ਨੂੰ ਵੇਖਦਾ ਹਾਂ, ਇਸ ਲਈ ਜੇਕਰ ਮੈਨੂੰ ਲੱਗਦਾ ਹੈ ਕਿ ਮੇਰਾ ਹਰ ਚੀਜ਼ 'ਤੇ ਕੰਟਰੋਲ ਹੈ ਅਤੇ ਜੇ ਮੈਂ ਆਪਣੇ ਆਪ ਨੂੰ ਸਭ ਤੋਂ ਵਧੀਆ ਮੌਕੇ ਦੇਵਾਂਗਾ, ਤਾਂ ਬਾਕੀ ਸਭ ਕੁਝ ਠੀਕ ਹੋ ਜਾਵੇਗਾ। ਬਜਾਏ ਇਸ ਦੇ ਕਿ ਮੈਂ ਬੱਲੇਬਾਜ਼ ਨੂੰ ਇਹ ਸ਼ਕਤੀ ਦੇਵਾ ਕਿ ਉਹ ਮੇਰੇ ਤੋਂ ਵਧੀਆ ਹੋ ਜਾਵੇਗਾ ਅਤੇ ਉਹ ਮੇਰੇ ਤੋਂ ਵਧੀਆ ਹੈ, ਇਸ ਲਈ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ।
ਟੀ-20 ਵਿਸ਼ਵ ਜਿੱਤ 'ਚ ਨਿਭਾਈ ਅਹਿਮ ਭੂਮਿਕਾ:ਤਿੰਨੋਂ ਫਾਰਮੈਟਾਂ ਵਿੱਚ ਆਈਸੀਸੀ ਰੈਂਕਿੰਗ ਵਿੱਚ ਨੰਬਰ 1 ਸਥਾਨ ’ਤੇ ਪਹੁੰਚਣ ਵਾਲੇ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਹਾਲ ਹੀ ਵਿੱਚ ਸਮਾਪਤ ਹੋਏ ਟੀ-20 ਵਿਸ਼ਵ ਕੱਪ 2024 ਵਿੱਚ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਟੂਰਨਾਮੈਂਟ 'ਚ ਬੁਮਰਾਹ ਨੇ 4.17 ਦੀ ਸ਼ਾਨਦਾਰ ਇਕਾਨਮੀ ਰੇਟ ਅਤੇ 8.26 ਦੀ ਔਸਤ ਨਾਲ ਕੁੱਲ 15 ਵਿਕਟਾਂ ਲਈਆਂ।