ਨਵੀਂ ਦਿੱਲੀ:ਆਈਪੀਐਲ 2024 ਵਿੱਚ ਸ਼ਨੀਵਾਰ ਨੂੰ ਆਰਸੀਬੀ ਬਨਾਮ ਚੇਨਈ ਵਿਚਾਲੇ ਖੇਡੇ ਗਏ ਹਾਈਵੋਲਟੇਜ ਮੈਚ ਵਿੱਚ ਆਰਸੀਬੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਉਸ ਨੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਇਸ ਹਾਈ ਵੋਲਟੇਜ ਮੈਚ ਵਿੱਚ, ਆਰਸੀਬੀ ਨੂੰ ਨਾ ਸਿਰਫ ਜਿੱਤਣਾ ਸੀ, ਬਲਕਿ ਉਸ ਨੂੰ 18 ਜਾਂ ਇਸ ਤੋਂ ਵੱਧ ਦੌੜਾਂ ਦੇ ਫਰਕ ਨਾਲ ਵੀ ਜਿੱਤਣਾ ਸੀ, ਜੋ ਉਸ ਨੇ 27 ਦੌੜਾਂ ਨਾਲ ਮੈਚ ਜਿੱਤ ਕੇ ਪਲੇਆਫ ਲਈ ਕੁਆਲੀਫਾਈ ਕੀਤਾ ਹੈ।
ਮੀਂਹ ਨੇ ਰੋਕਿਆ ਸੀ ਆਰਸੀਬੀ ਦੇ ਪ੍ਰਸ਼ੰਸਕਾਂ ਦਾ ਸਾਹ:ਚੇਨਈ ਖ਼ਿਲਾਫ਼ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਬੱਲੇਬਾਜ਼ੀ ਲਈ ਆਏ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਨੇ 2 ਓਵਰਾਂ 'ਚ 30 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੀਂਹ ਪਿਆ ਅਤੇ ਮੈਚ ਨੂੰ ਰੋਕਣਾ ਪਿਆ। ਜਿਵੇਂ ਹੀ ਮੀਂਹ ਆਇਆ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਪ੍ਰਸ਼ੰਸਕਾਂ ਦੇ ਸਾਹ ਰੁਕ ਗਏ ਹੋਣ ਅਤੇ ਉਹ ਮੈਦਾਨ 'ਤੇ ਹੀ ਮੀਂਹ ਦੇ ਰੁਕਣ ਦੀ ਅਰਦਾਸ ਕਰਨ ਲੱਗੇ।
RCB ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ: ਵਿਰਾਟ ਕੋਹਲੀ, ਫਾਫ ਡੂ ਪਲੇਸਿਸ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਯਸ਼ ਦਿਆਲ ਨੇ ਇਸ ਮੈਚ ਵਿੱਚ ਬੈਂਗਲੁਰੂ ਵੱਲੋਂ ਅਹਿਮ ਯੋਗਦਾਨ ਦਿੱਤਾ। ਵਿਰਾਟ ਕੋਹਲੀ ਨੇ 29 ਗੇਂਦਾਂ ਵਿੱਚ 47 ਦੌੜਾਂ, ਪਲੇਸਿਸ ਨੇ 39 ਗੇਂਦਾਂ ਵਿੱਚ 54 ਦੌੜਾਂ ਅਤੇ ਰਜਤ ਪਾਟੀਦਾਰ ਨੇ 23 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੇਂਦਬਾਜ਼ੀ 'ਚ ਗਲੇਨ ਮੈਕਸਵੈੱਲ ਨੇ ਪਹਿਲੀ ਹੀ ਗੇਂਦ 'ਤੇ ਸੀਐੱਸਕੇ ਦੇ ਕਪਤਾਨ ਗਾਇਕਵਾੜ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ।