ਲਖਨਊ: ਕੇਐੱਲ ਰਾਹੁਲ ਦੀ ਅਗਵਾਈ ਵਾਲੀ ਲਖਨਊ ਸੁਪਰ ਜਾਇੰਟਸ ਟੀਮ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਦੂਜੇ ਮੈਚ 'ਚ ਪੰਜਾਬ ਕਿੰਗਜ਼ ਨਾਲ ਭਿੜੇਗੀ ਤਾਂ ਉਸ ਦੀ ਨਜ਼ਰ ਹਰ ਵਿਭਾਗ 'ਚ ਬਿਹਤਰ ਪ੍ਰਦਰਸ਼ਨ 'ਤੇ ਹੋਵੇਗੀ। ਲਖਨਊ ਸੁਪਰ ਜਾਇੰਟਸ (ਐਲਐਸਜੀ) ਨੂੰ ਚੰਡੀਗੜ੍ਹ ਵਿੱਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਪਹਿਲੇ ਮੈਚ ਵਿੱਚ 20 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਕਰੁਣਾਲ ਪੰਡਯਾ ਨੂੰ ਛੱਡ ਕੇ ਲਖਨਊ ਦੇ ਸਾਰੇ ਗੇਂਦਬਾਜ਼ਾਂ ਨੇ ਦੌੜਾਂ ਦਿੱਤੀਆਂ ਅਤੇ ਪ੍ਰਭਾਵਿਤ ਨਹੀਂ ਕਰ ਸਕੇ।
ਐਲਐਸਜੀ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਅਤੇ ਡੇਵਿਡ ਵਿਲੀ ਦੀ ਗੈਰ-ਮੌਜੂਦਗੀ ਵਿੱਚ ਕਮਜ਼ੋਰ ਦਿਖਾਈ ਦੇ ਰਹੇ ਸਨ ਅਤੇ ਮੋਹਸਿਨ ਖਾਨ, ਨਵੀਨ ਉਲ ਹੱਕ ਅਤੇ ਯਸ਼ ਠਾਕੁਰ ਤੋਂ ਜ਼ਿੰਮੇਵਾਰੀ ਲੈਣ ਦੀ ਉਮੀਦ ਸੀ। ਆਗਾਮੀ ਟੀ-20 ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਲਈ ਮੁਹਿੰਮ ਚਲਾ ਰਹੇ ਰਵੀ ਬਿਸ਼ਨੋਈ ਆਈਪੀਐੱਲ 'ਚ ਟੀਮ ਦੇ ਸ਼ੁਰੂਆਤੀ ਮੈਚ 'ਚ ਸਾਧਾਰਨ ਲੱਗ ਰਹੇ ਸਨ। ਕਪਤਾਨ ਰਾਹੁਲ ਨੇ ਵੀ ਟੀ-20 ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਵਿਕਟਕੀਪਰ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਦਾ ਫੈਸਲਾ ਕੀਤਾ ਅਤੇ ਵਾਪਸੀ ਦੇ ਮੈਚ 'ਚ 58 ਦੌੜਾਂ ਦੀ ਪਾਰੀ ਖੇਡੀ, ਜਿਸ ਕਾਰਨ ਉਹ ਅਗਲੇ ਮੈਚ 'ਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗਾ।
ਉਹ ਇਹ ਵੀ ਉਮੀਦ ਕਰੇਗਾ ਕਿ ਉਸ ਦਾ ਸਲਾਮੀ ਜੋੜੀਦਾਰ ਕਵਿੰਟਨ ਡੀ ਕਾਕ ਪੰਜਾਬ ਕਿੰਗਜ਼ ਵਿਰੁੱਧ ਆਪਣੀ ਬਿਹਤਰੀਨ ਫਾਰਮ 'ਚ ਵਾਪਸੀ ਕਰੇਗਾ। ਟੀਮ ਨੂੰ ਦੇਵਦੱਤ ਪਡਿਕਲ, ਆਯੂਸ਼ ਬਡੋਨੀ, ਦੀਪਕ ਹੁੱਡਾ ਅਤੇ ਕਰੁਣਾਲ ਤੋਂ ਹੇਠਲੇ ਕ੍ਰਮ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਐੱਲ.ਐੱਸ.ਜੀ. ਦੀ ਸਫਲਤਾ ਆਸਟ੍ਰੇਲੀਆ ਦੇ ਹਰਫਨਮੌਲਾ ਮਾਰਕਸ ਸਟੋਇਨਿਸ ਦੀ ਫਾਰਮ 'ਤੇ ਵੀ ਨਿਰਭਰ ਕਰੇਗੀ, ਜੋ ਪਿਛਲੇ ਸਾਲ 408 ਦੌੜਾਂ ਬਣਾ ਕੇ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ।
ਜਦੋਂ ਕਿ ਪੰਜਾਬ ਕਿੰਗਜ਼ ਨੇ ਹੁਣ ਤੱਕ ਦੋ ਮੈਚਾਂ ਵਿੱਚੋਂ ਇੱਕ ਜਿੱਤਿਆ ਹੈ ਅਤੇ ਦੂਜਾ ਹਾਰਿਆ ਹੈ। ਸ਼ਿਖਰ ਧਵਨ ਦੀ ਅਗਵਾਈ ਵਾਲੀ ਟੀਮ ਨੂੰ ਪਾਵਰਪਲੇਅ 'ਚ ਰਨ ਰੇਟ ਵਧਾਉਣ ਦੀ ਲੋੜ ਹੈ ਅਤੇ ਅਜਿਹਾ ਤਾਂ ਹੀ ਹੋਵੇਗਾ ਜੇਕਰ ਪਹਿਲੇ ਦੋ ਮੈਚਾਂ 'ਚ ਅਸਫਲ ਰਹੇ ਜੌਨੀ ਬੇਅਰਸਟੋ ਧਮਾਕੇਦਾਰ ਬੱਲੇਬਾਜ਼ੀ ਕਰੇਗਾ। ਸਿਰਫ਼ ਆਈਪੀਐਲ ਵਿੱਚ ਖੇਡਣ ਵਾਲੇ ਧਵਨ ਨੂੰ ਵੀ ਆਪਣੀ ਸਟ੍ਰਾਈਕ ਰੇਟ ਤੇਜ਼ ਕਰਨ ਦੀ ਲੋੜ ਹੈ। ਉਸ ਨੇ ਖੁਦ ਮੰਨਿਆ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਬੱਲੇਬਾਜ਼ੀ ਧੀਮੀ ਸੀ।
ਪ੍ਰਭਸਿਮਰਨ ਸਿੰਘ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੇ। ਆਲਰਾਊਂਡਰ ਸੈਮ ਕੁਰਾਨ ਨੇ ਜਿੱਥੇ ਦੋਵੇਂ ਮੈਚਾਂ 'ਚ ਬੱਲੇ ਨਾਲ ਆਪਣਾ ਹੁਨਰ ਦਿਖਾਇਆ ਹੈ, ਉਥੇ ਉਹ ਗੇਂਦਬਾਜ਼ੀ 'ਚ ਵੀ ਅਜਿਹਾ ਕਮਾਲ ਨਹੀਂ ਕਰ ਸਕਿਆ ਹੈ। ਉਪ ਕਪਤਾਨ ਜਿਤੇਸ਼ ਸ਼ਰਮਾ ਵੀ ਟੀ-20 ਵਿਸ਼ਵ ਕੱਪ ਲਈ ਟੀਮ 'ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਰਾਸ਼ਟਰੀ ਚੋਣਕਾਰਾਂ ਨੂੰ ਲੁਭਾਉਣ ਲਈ ਉਨ੍ਹਾਂ ਨੂੰ ਵੀ ਚੰਗਾ ਪ੍ਰਦਰਸ਼ਨ ਦਿਖਾਉਣਾ ਹੋਵੇਗਾ।