ਬੈਂਗਲੁਰੂ: ਸੋਮਵਾਰ ਨੂੰ ਆਈਪੀਐਲ 2024 ਵਿੱਚ RCB ਨੂੰ SRH ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਸਵਾਲ ਪਰੇਸ਼ਾਨ ਕਰ ਰਿਹਾ ਸੀ ਕਿ ਗਲੇਨ ਮੈਕਸਵੈੱਲ ਨੂੰ ਪਲੇਇੰਗ 11 ਤੋਂ ਬਾਹਰ ਕਿਉਂ ਕੀਤਾ ਗਿਆ। ਆਰਸੀਬੀ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਮੌਜੂਦਾ ਸੈਸ਼ਨ 'ਚ ਖਰਾਬ ਫਾਰਮ ਨਾਲ ਜੂਝ ਰਹੇ ਹਨ। ਜਦੋਂ ਗਲੇਨ ਮੈਕਸਵੈੱਲ ਦਾ ਨਾਂ SRH ਦੇ ਖਿਲਾਫ ਪਲੇਇੰਗ-11 'ਚ ਨਹੀਂ ਸੀ ਤਾਂ ਸਾਰਿਆਂ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜਾਂ ਉਹ ਜ਼ਖਮੀ ਹੋ ਗਿਆ ਹੈ। ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਮਾਮਲਾ ਵੱਖਰਾ ਹੈ।
ਗਲੇਨ ਮੈਕਸਵੈੱਲ ਨੇ ਮਾਨਸਿਕ ਅਤੇ ਸਰੀਰਕ ਥਕਾਵਟ ਕਾਰਨ IPL 2024 ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਮੈਕਸਵੈੱਲ ਨੇ ਹੈਦਰਾਬਾਦ ਦੇ ਖਿਲਾਫ ਮੈਚ ਤੋਂ ਬਾਅਦ ਖੁਲਾਸਾ ਕੀਤਾ ਕਿ ਉਸ ਨੇ ਕਪਤਾਨ ਨੂੰ ਖੁਦ ਨੂੰ ਪਲੇਇੰਗ 11 ਤੋਂ ਬਾਹਰ ਕਰਨ ਦੀ ਬੇਨਤੀ ਕੀਤੀ ਸੀ।
ਗਲੇਨ ਮੈਕਸਵੈੱਲ ਨੇ ਕਿਹਾ, 'ਇਹ ਮੇਰੇ ਲਈ ਨਿੱਜੀ ਤੌਰ 'ਤੇ ਆਸਾਨ ਫੈਸਲਾ ਸੀ। ਪਿਛਲੇ ਮੈਚ ਤੋਂ ਬਾਅਦ ਮੈਂ ਕੋਚ ਅਤੇ ਕਪਤਾਨ ਫਾਫ ਡੂ ਪਲੇਸਿਸ ਕੋਲ ਗਿਆ ਅਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਹੋਰ ਨੂੰ ਅਜ਼ਮਾਉਣਾ ਚਾਹੀਦਾ ਹੈ। ਮੈਂ ਪਹਿਲਾਂ ਵੀ ਅਜਿਹੀਆਂ ਸਥਿਤੀਆਂ ਵਿੱਚ ਰਿਹਾ ਹਾਂ ਜਿੱਥੇ ਲਗਾਤਾਰ ਖੇਡ ਕੇ ਮੈਂ ਆਪਣੇ ਆਪ ਨੂੰ ਹੋਰ ਵੀ ਬਦਤਰ ਸਥਿਤੀ ਵਿੱਚ ਪਾਇਆ ਹੈ। ਮੇਰੇ ਮੁਤਾਬਕ, ਹੁਣ ਸਮਾਂ ਆ ਗਿਆ ਹੈ ਕਿ ਮੈਂ ਬ੍ਰੇਕ ਲਵਾਂ। ਨਾਲ ਹੀ, ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਆਰਾਮ ਦਿਆਂ। ਭਵਿੱਖ ਵਿੱਚ ਜੇਕਰ ਟੂਰਨਾਮੈਂਟ ਦੌਰਾਨ ਮੇਰੀ ਲੋੜ ਪਈ ਤਾਂ ਸ਼ਾਇਦ ਮੈਂ ਟੀਮ ਲਈ ਚੰਗਾ ਯੋਗਦਾਨ ਪਾ ਸਕਾਂਗਾ।
ਮੈਕਸਵੈੱਲ ਨੇ IPL 2024 'ਚ ਸ਼ਾਨਦਾਰ ਫਾਰਮ 'ਚ ਐਂਟਰੀ ਕੀਤੀ ਸੀ। ਉਸ ਨੇ ਟੂਰਨਾਮੈਂਟ ਤੋਂ ਪਹਿਲਾਂ ਦੋ ਟੀ-20 ਸੈਂਕੜੇ ਲਗਾਏ ਸਨ, ਇੱਕ ਗੁਹਾਟੀ ਵਿੱਚ ਭਾਰਤ ਵਿਰੁੱਧ ਅਤੇ ਦੂਜਾ ਐਡੀਲੇਡ ਵਿੱਚ ਵੈਸਟਇੰਡੀਜ਼ ਵਿਰੁੱਧ। ਇਹ ਪ੍ਰਦਰਸ਼ਨ ਵਨਡੇ ਵਿਸ਼ਵ ਕੱਪ ਵਿਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਆਇਆ, ਜਿੱਥੇ ਉਸ ਨੇ ਅਫਗਾਨਿਸਤਾਨ ਵਿਰੁੱਧ ਪਿੱਛਾ ਕਰਦੇ ਹੋਏ ਦੋਹਰਾ ਸੈਂਕੜਾ ਲਗਾਇਆ। ਉਸ ਦਾ ਬੱਲਾ IPL ਵਿੱਚ RCB ਲਈ ਖਾਮੋਸ਼ ਹੈ। ਸੋਮਵਾਰ ਨੂੰ ਮੈਚ ਤੋਂ ਪਹਿਲਾਂ ਮੈਕਸਵੈੱਲ ਨੇ ਆਰਸੀਬੀ ਲਈ 6 ਪਾਰੀਆਂ ਵਿੱਚ 5.33 ਦੀ ਔਸਤ ਨਾਲ ਸਿਰਫ਼ 32 ਦੌੜਾਂ ਬਣਾਈਆਂ ਸਨ। ਖ਼ਦਸ਼ਾ ਸੀ ਕਿ ਉਹ ਅੰਗੂਠੇ ਦੀ ਸੱਟ ਕਾਰਨ ਬਾਹਰ ਬੈਠ ਸਕਦਾ ਹੈ ਪਰ ਹੋਇਆ ਇਸ ਦੇ ਉਲਟ।