ਐਡੀਲੇਡ (ਆਸਟਰੇਲੀਆ) :ਭਾਰਤ ਅਤੇ ਆਸਟਰੇਲੀਆ ਵਿਚਾਲੇ ਐਡੀਲੇਡ ਦੇ ਓਵਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਬਾਰਡਰ ਗਾਵਸਕਰ ਟਰਾਫੀ ਦਾ ਦੂਜਾ ਟੈਸਟ ਮੈਚ ਰੋਮਾਂਚਿਕ ਮੋੜ 'ਤੇ ਪਹੁੰਚ ਗਿਆ ਹੈ। ਭਾਰਤ ਨੇ ਪਹਿਲੀ ਪਾਰੀ 'ਚ 180 ਦੌੜਾਂ ਬਣਾਈਆਂ ਸਨ, ਜਵਾਬ 'ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 337 ਦੌੜਾਂ 'ਤੇ ਸਿਮਟ ਗਈ ਹੈ।
ਭਾਰਤ ਲਈ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 4-4 ਵਿਕਟਾਂ ਲਈਆਂ, ਜਦਕਿ ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ ਤੂਫਾਨੀ ਸੈਂਕੜਾ ਖੇਡਦੇ ਹੋਏ ਟੀਮ ਇੰਡੀਆ 'ਤੇ 157 ਦੌੜਾਂ ਦੀ ਬੜ੍ਹਤ ਹਾਸਿਲ ਕਰ ਲਈ ਹੈ। ਇਸ ਸਮੇਂ ਭਾਰਤ ਦੀ ਦੂਜੀ ਪਾਰੀ ਸ਼ੁਰੂ ਹੋ ਚੁੱਕੀ ਹੈ, ਭਾਰਤ ਲਈ ਕੇਐਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਕ੍ਰੀਜ਼ 'ਤੇ ਹਨ।
ਟ੍ਰੇਵਿਡ ਹੈੱਡ ਨੇ ਬੱਲੇ ਨਾਲ ਮਚਾਇਆ ਤੂਫਾਨ
ਇਸ ਮੈਚ ਵਿੱਚ ਆਸਟਰੇਲੀਆ ਲਈ ਟਰੇਵਿਸ ਹੈੱਡ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 141 ਗੇਂਦਾਂ 'ਚ 17 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 140 ਦੌੜਾਂ ਬਣਾਈਆਂ। ਉਸ ਦੀ ਤੂਫਾਨੀ ਪਾਰੀ ਦਾ ਅੰਤ ਮੁਹੰਮਦ ਸਿਰਾਜ ਨੇ ਉਸ ਨੂੰ ਕਲੀਨ ਬੋਲਡ ਕਰਕੇ ਕੀਤਾ। ਹੈੱਡ ਤੋਂ ਇਲਾਵਾ ਆਸਟ੍ਰੇਲੀਆ ਲਈ ਮਾਰਨਸ ਲੈਬੁਸ਼ਗਨ ਨੇ 126 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਖੇਡੀ। ਜਦਕਿ ਨਾਥਨ ਮੈਕਸਵੀਨੀ ਨੇ 39 ਦੌੜਾਂ ਦਾ ਯੋਗਦਾਨ ਪਾਇਆ।
ਬੁਮਰਾਹ ਅਤੇ ਸਿਰਾਜ ਨੇ ਲਈਆਂ 8 ਵਿਕਟਾਂ
ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 23 ਓਵਰਾਂ ਵਿੱਚ 61 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਬੁਮਰਾਹ ਨੇ ਉਸਮਾਨ ਖਵਾਜਾ (13), ਨਾਥਨ ਮੈਕਸਵੀਨੀ (39), ਸਟੀਵ ਸਮਿਥ (2) ਅਤੇ ਪੈਟ ਕਮਿੰਸ (12) ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਉਥੇ ਹੀ ਮੁਹੰਮਦ ਸਿਰਾਜ ਨੇ 24.3 ਓਵਰਾਂ 'ਚ 98 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਸਿਰਾਜ ਨੇ ਟ੍ਰੈਵਿਸ ਹੈੱਡ (140), ਐਲੇਕਸ ਕੈਰੀ (15), ਮਿਸ਼ੇਲ ਸਟਾਰਕ (18) ਅਤੇ ਸਕਾਟ ਬੋਲੈਂਡ (0) ਨੂੰ ਪੈਵੇਲੀਅਨ ਭੇਜਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਨਿਤੀਸ਼ ਕੁਮਾਰ ਰੈੱਡੀ ਅਤੇ ਰਵੀਚੰਦਰਨ ਅਸ਼ਵਿਨ ਨੇ 1-1 ਵਿਕਟ ਲਈ।
ਇਸ ਤੋਂ ਪਹਿਲਾਂ ਭਾਰਤ ਪਹਿਲੀ ਪਾਰੀ 'ਚ 180 ਦੌੜਾਂ 'ਤੇ ਆਊਟ ਹੋ ਗਿਆ ਸੀ। ਭਾਰਤ ਲਈ ਨਿਤੀਸ਼ ਕੁਮਾਰ ਰੈੱਡੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 42 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਤੋਂ ਇਲਾਵਾ ਕੇਐਲ ਰਾਹੁਲ ਨੇ 37 ਦੌੜਾਂ ਅਤੇ ਸ਼ੁਭਮਨ ਗਿੱਲ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਰੋਹਿਤ ਸ਼ਰਮਾ 3 ਅਤੇ ਵਿਰਾਟ ਕੋਹਲੀ 7 ਪੂਰੀ ਤਰ੍ਹਾਂ ਫਲਾਪ ਸਾਬਿਤ ਹੋਏ।