ਵਿਸ਼ਾਖਾਪਟਨਮ : ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਾਖਾਪਟਨਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਟੀਮ ਇੰਡੀਆ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਇੰਗਲੈਂਡ ਨੇ ਭਾਰਤ ਤੋਂ ਜਿੱਤ ਲਈ 399 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 292 ਦੌੜਾਂ 'ਤੇ ਹੀ ਢੇਰ ਹੋ ਗਈ ਅਤੇ ਭਾਰਤ ਨੇ ਇਹ ਮੈਚ 106 ਦੌੜਾਂ ਨਾਲ ਜਿੱਤ ਲਿਆ।
ਭਾਰਤ ਲਈ ਇਸ ਜਿੱਤ ਦੇ ਹੀਰੋ ਰਹੇ ਜਸਪ੍ਰੀਤ ਬੁਮਰਾਹ। ਉਸ ਨੇ ਦੋਵੇਂ ਪਾਰੀਆਂ ਵਿੱਚ ਮਿਲਾ ਕੇ 9 ਵਿਕਟਾਂ ਲਈਆਂ ਹਨ। ਇਸ ਦੇ ਲਈ ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ। ਉਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ ਇਸ ਮੈਚ 'ਚ ਦੋਹਰਾ ਸੈਂਕੜਾ ਲਗਾਇਆ। ਉਸ ਨੇ 209 ਦੌੜਾਂ ਦੀ ਪਾਰੀ ਖੇਡੀ। ਇਸ ਤਰ੍ਹਾਂ ਸ਼ੁਭਮਨ ਗਿੱਲ ਨੇ ਵੀ ਸੈਂਕੜਾ ਲਗਾਇਆ। ਗਿੱਲ ਨੇ 104 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।
ਦਿਨ 4: ਪਹਿਲਾ ਸੈਸ਼ਨ -ਇੰਗਲੈਂਡ ਲਈ, ਜੈਕ ਕ੍ਰਾਲੀ (29) ਅਤੇ ਰਿਹਾਨ ਅਹਿਮਦ (9) ਦਿਨ ਦੀ ਸ਼ੁਰੂਆਤ ਕਰਨ ਲਈ ਪਹਿਲੇ ਸੈਸ਼ਨ ਵਿੱਚ ਆਏ। ਇਨ੍ਹਾਂ ਦੋਵਾਂ ਨੇ ਟੀਮ ਦੇ ਸਕੋਰ ਨੂੰ 95 ਦੌੜਾਂ ਤੱਕ ਪਹੁੰਚਾਇਆ ਜਦੋਂ ਰਿਹਾਨ ਅਹਿਮਦ ਨੂੰ 23 ਦੌੜਾਂ ਦੇ ਸਕੋਰ 'ਤੇ ਅਕਸ਼ਰ ਪਟੇਲ ਨੇ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਕ੍ਰੀਜ਼ 'ਤੇ ਆਏ ਓਲੀ ਪੋਪ 23 ਦੌੜਾਂ ਬਣਾ ਕੇ ਅਸ਼ਵਿਨ ਦਾ ਸ਼ਿਕਾਰ ਬਣੇ ਅਤੇ ਫਿਰ ਅਸ਼ਵਿਨ ਨੇ ਵੀ 16 ਦੌੜਾਂ ਦੇ ਨਿੱਜੀ ਸਕੋਰ 'ਤੇ ਜੋ ਰੂਟ ਨੂੰ ਆਊਟ ਕਰ ਦਿੱਤਾ।
ਇੰਗਲੈਂਡ ਦੇ ਜੈਕ ਕ੍ਰਾਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਸ ਨੇ 132 ਗੇਂਦਾਂ ਵਿੱਚ 8 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 73 ਦੌੜਾਂ ਦੀ ਪਾਰੀ ਖੇਡੀ। ਉਸ ਦੀ ਪਾਰੀ ਦਾ ਅੰਤ ਕੁਲਦੀਪ ਯਾਦਵ ਨੇ ਐਲਬੀਡਬਲਿਊ ਆਊਟ ਕਰਕੇ ਕੀਤਾ। ਪਹਿਲੇ ਸੈਸ਼ਨ ਦੀ ਸਮਾਪਤੀ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਨੇ 26 ਦੌੜਾਂ ਬਣਾ ਕੇ ਜੌਨੀ ਬੇਅਰਸਟੋ ਨੂੰ ਆਊਟ ਕਰ ਦਿੱਤਾ।