ਡਰਬਨ (ਦੱਖਣੀ ਅਫਰੀਕਾ): ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਡਰਬਨ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 61 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ 4 ਟੀ-20 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 202 ਦੌੜਾਂ ਬਣਾਈਆਂ। ਭਾਰਤ ਵੱਲੋਂ ਦਿੱਤੇ 203 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ਵਿੱਚ 141 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ 61 ਦੌੜਾਂ ਨਾਲ ਮੈਚ ਹਾਰ ਗਈ।
ਭਾਰਤ ਨੇ ਦੱਖਣੀ ਅਫਰੀਕਾ ਨੂੰ 61 ਦੌੜਾਂ ਨਾਲ ਹਰਾਇਆ
ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਭਾਰਤੀ ਸਪਿਨਰਾਂ ਨੇ ਅਫਰੀਕੀ ਬੱਲੇਬਾਜ਼ਾਂ ਨੂੰ ਘੇਰ ਲਿਆ, ਜਿਸ ਦੀ ਬਦੌਲਤ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਅਫਰੀਕੀ ਬੱਲੇਬਾਜ਼ ਭਾਰਤੀ ਸਪਿਨਰਾਂ ਦੀ ਫਿਰਕੀ 'ਚ ਫਸ ਗਏ ਅਤੇ ਵੱਡਾ ਸਕੋਰ ਬਣਾਉਣ 'ਚ ਨਾਕਾਮ ਰਹੇ। ਅਫਰੀਕਾ ਲਈ ਹੇਨਰਿਕ ਕਲਾਸੇਨ (25) ਸਭ ਤੋਂ ਵੱਧ ਸਕੋਰਰ ਰਹੇ। ਇਸ ਦੇ ਨਾਲ ਹੀ ਭਾਰਤ ਵੱਲੋਂ ਰਵੀ ਬਿਸ਼ਨੋਈ ਅਤੇ ਵਰੁਣ ਚੱਕਰਵਰਤੀ ਨੇ 3-3 ਵਿਕਟਾਂ ਲਈਆਂ। ਅਵੇਸ਼ ਖਾਨ ਨੂੰ ਵੀ 2 ਸਫਲਤਾ ਮਿਲੀ।
ਭਾਰਤੀ ਬੱਲੇਬਾਜ਼ਾਂ ਨੇ ਅਫਰੀਕੀ ਗੇਂਦਬਾਜ਼ਾਂ ਨੂੰ ਦਿੱਤੀ ਮਾਤ
ਇਸ ਤੋਂ ਪਹਿਲਾਂ ਭਾਰਤ ਲਈ ਟਾਸ ਹਾਰਨ ਤੋਂ ਬਾਅਦ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਨੇ ਪਾਰੀ ਦੀ ਸ਼ੁਰੂਆਤ ਕੀਤੀ। ਇਹ ਦੋਵੇਂ ਟੀਮ ਲਈ ਪਹਿਲੀ ਵਿਕਟ ਲਈ 24 ਦੌੜਾਂ ਹੀ ਜੋੜ ਸਕੇ। ਭਾਰਤ ਨੂੰ ਪਹਿਲਾ ਝਟਕਾ ਅਭਿਸ਼ੇਕ ਦੇ ਰੂਪ 'ਚ ਲੱਗਾ, ਜੋ 7 ਦੌੜਾਂ ਬਣਾ ਕੇ ਗੇਰਾਲਡ ਕੋਏਟਜ਼ੀ ਦਾ ਸ਼ਿਕਾਰ ਬਣੇ। ਦੂਜੇ ਪਾਸੇ ਸੰਜੂ ਸੈਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 27 ਗੇਂਦਾਂ 'ਚ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 182.14 ਦੀ ਧਮਾਕੇਦਾਰ ਸਟ੍ਰਾਈਕ ਰੇਟ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਸੰਜੂ ਨਾਲ ਮਿਲ ਕੇ ਟੀਮ ਦਾ ਸਕੋਰ 90 ਤੱਕ ਪਹੁੰਚਾਇਆ। ਪਰ, ਉਹ ਪੈਟ੍ਰਿਕ ਕਰੂਗਰ ਦਾ ਸ਼ਿਕਾਰ ਬਣੇ ਅਤੇ 21 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਤਿਲਕ ਵਰਮਾ ਕ੍ਰੀਜ਼ 'ਤੇ ਆਏ ਅਤੇ ਸੰਜੂ ਦੇ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ। ਤਿਲਕ 167 ਦੌੜਾਂ ਦੇ ਸਕੋਰ 'ਤੇ 33 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸੰਜੂ ਸੈਮਸਨ ਨੇ ਆਪਣੀ ਸ਼ਾਨਦਾਰ ਪਾਰੀ ਨੂੰ ਸੈਂਕੜੇ 'ਚ ਬਦਲ ਦਿੱਤਾ। ਉਹ ਲਗਾਤਾਰ ਦੋ ਅੰਤਰਰਾਸ਼ਟਰੀ T20I ਮੈਚਾਂ ਵਿੱਚ ਸੈਂਕੜੇ ਲਗਾਉਣ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣਿਆ।
ਸੰਜੂ ਸੈਮਸਨ ਨੇ ਧਮਾਕੇਦਾਰ ਸੈਂਕੜਾ ਲਗਾ ਕੇ ਇਤਿਹਾਸ ਰਚਿਆ
ਭਾਰਤ ਲਈ ਸੰਜੂ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਨੇ 50 ਗੇਂਦਾਂ 'ਤੇ 7 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 107 ਦੌੜਾਂ ਦੀ ਪਾਰੀ ਖੇਡੀ। ਸੰਜੂ ਨੇ 47 ਗੇਂਦਾਂ 'ਚ 7 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਨ੍ਹਾਂ ਦੇ ਟੀ20 ਅੰਤਰਰਾਸ਼ਟਰੀ ਕਰੀਅਰ ਦਾ ਦੂਜਾ ਸੈਂਕੜਾ ਸੀ। ਸੰਜੂ ਨੇ ਬੰਗਲਾਦੇਸ਼ ਖਿਲਾਫ ਪਹਿਲਾ ਸੈਂਕੜਾ ਲਗਾਇਆ ਸੀ। ਉਹ ਲਗਾਤਾਰ ਦੋ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸੈਂਕੜੇ ਲਗਾਉਣ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ। ਇਸ ਸ਼ਾਨਦਾਰ ਪਾਰੀ ਲਈ ਉਨ੍ਹਾਂ ਨੂੰ ਪਲੇਅਰ ਆਫ ਦਾ ਐਵਾਰਡ ਵੀ ਦਿੱਤਾ ਗਿਆ।
ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ ਸੀ 203 ਦੌੜਾਂ ਦਾ ਟੀਚਾ
ਭਾਰਤ ਲਈ ਹਾਰਦਿਕ ਪੰਡਯਾ ਨੇ 2 ਦੌੜਾਂ, ਰਿੰਕੂ ਸਿੰਘ ਨੇ 11 ਦੌੜਾਂ, ਅਕਸ਼ਰ ਪਟੇਲ ਨੇ 7 ਦੌੜਾਂ, ਅਰਸ਼ਦੀਪ ਸਿੰਘ ਨੇ 5 ਦੌੜਾਂ ਅਤੇ ਰਵੀ ਬਿਸ਼ਨੋਈ ਨੇ 1 ਦੌੜਾਂ ਬਣਾਈਆਂ। ਇਸ ਨਾਲ ਟੀਮ ਇੰਡੀਆ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਨਕਾਬਾਯੋਮਜੀ ਪੀਟਰ ਅਤੇ ਪੈਟਰਿਕ ਕਰੂਗਰ ਨੇ ਵੀ 1-1 ਵਿਕਟ ਲਿਆ।