ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ 'ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਨੇ ਇੰਗਲੈਂਡ ਵੱਲੋਂ ਦਿੱਤੇ 166 ਦੌੜਾਂ ਦੇ ਟੀਚੇ ਨੂੰ 19.2 ਓਵਰਾਂ 'ਚ 4 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਮੈਚ 2 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ।
ਭਾਰਤ ਨੇ ਰੋਮਾਂਚਕ ਮੈਚ 'ਚ ਇੰਗਲੈਂਡ ਨੂੰ 2 ਵਿਕਟਾਂ ਨਾਲ ਹਰਾਇਆ
ਭਾਰਤ ਲਈ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਪਾਰੀ ਦੀ ਸ਼ੁਰੂਆਤ ਕਰਨ ਆਏ, ਪਰ ਦੋਵੇਂ ਸਲਾਮੀ ਬੱਲੇਬਾਜ਼ ਜਲਦੀ ਹੀ ਪੈਵੇਲੀਅਨ ਪਰਤ ਗਏ। ਅਭਿਸ਼ੇਕ 12 ਦੌੜਾਂ ਅਤੇ ਸੰਜੂ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ 12 ਦੌੜਾਂ ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਪਰਤ ਗਏ। ਧਰੁਵ ਜੁਰੇਲ ਅਤੇ ਹਾਰਦਿਕ ਪੰਡਯਾ ਵੀ ਕੁਝ ਕਮਾਲ ਨਹੀਂ ਦਿਖਾ ਸਕੇ, ਜੁਰੇਲ 4 ਦੌੜਾਂ ਬਣਾ ਕੇ ਪੰਡਯਾ 7 ਦੌੜਾਂ ਬਣਾ ਕੇ ਆਊਟ ਹੋ ਗਏ।
ਤਿਲਕ ਵਰਮਾ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ
ਭਾਰਤ ਲਈ ਇਸ ਮੈਚ 'ਚ ਸਭ ਤੋਂ ਵੱਧ ਦੌੜਾਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਤਿਲਕ ਵਰਮਾ ਨੇ ਬਣਾਈਆਂ। ਉਨ੍ਹਾਂ ਨੇ 55 ਗੇਂਦਾਂ 'ਤੇ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ ਵੀ 19 ਗੇਂਦਾਂ ਵਿਚ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 26 ਦੌੜਾਂ ਦਾ ਯੋਗਦਾਨ ਪਾਇਆ। ਅਕਸ਼ਰ ਪਟੇਲ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ, ਅਰਸ਼ਦੀਪ ਸਿੰਘ ਨੇ 6 ਦੌੜਾਂ ਅਤੇ ਰਵੀ ਬਿਸ਼ਨੋਈ ਨੇ 9* ਦੌੜਾਂ ਬਣਾਈਆਂ।
ਆਖਰੀ ਓਵਰ 'ਚ ਤਿਲਕ ਵਰਮਾ ਨੇ ਦਿਵਾਈ ਜਿੱਤ
ਤਿਲਕ ਵਰਮਾ ਨੇ ਰਵੀ ਬਿਸ਼ਨੋਈ ਨਾਲ ਮਿਲ ਕੇ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ ਅਤੇ ਆਖਰੀ ਓਵਰ 'ਚ ਜਦੋਂ ਭਾਰਤ ਨੂੰ ਜਿੱਤ ਲਈ 6 ਗੇਂਦਾਂ 'ਚ 6 ਦੌੜਾਂ ਦੀ ਲੋੜ ਸੀ ਤਾਂ ਤਿਲਕ ਨੇ 2 ਦੌੜਾਂ ਅਤੇ ਇਕ ਚੌਕਾ ਲਗਾ ਕੇ ਭਾਰਤ ਨੂੰ 2 ਵਿਕਟਾਂ ਨਾਲ ਜਿੱਤ ਦਿਵਾਈ। ਇੰਗਲੈਂਡ ਲਈ ਬ੍ਰੇਡਨ ਕਾਰਸ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਉਸ ਤੋਂ ਇਲਾਵਾ ਜੈਮੀ ਓਵਰਟਨ, ਜੋਫਰਾ ਆਰਚਰ, ਆਦਿਲ ਰਾਸ਼ਿਦ, ਮਾਰਕ ਵੁੱਡ ਅਤੇ ਲਿਆਮ ਲਿੰਗਿੰਸਟੋਨ ਨੇ 1-1 ਵਿਕਟ ਲਿਆ।
ਇੰਗਲੈਂਡ ਲਈ ਕਪਤਾਨ ਜੋਸ ਬਟਲਰ ਨੇ 30 ਗੇਂਦਾਂ 'ਤੇ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 45 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਬ੍ਰੇਡਨ ਕਾਰਸ ਨੇ 17 ਗੇਂਦਾਂ 'ਚ 1 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ। ਜੈਮੀ ਸਮਿਥ ਦੀਆਂ 22, ਆਦਿਲ ਰਾਸ਼ਿਦ 10 ਅਤੇ ਜੋਫਰਾ ਆਰਚਰ ਦੀਆਂ 12* ਦੌੜਾਂ ਦੀ ਬਦੌਲਤ ਇੰਗਲੈਂਡ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ। ਭਾਰਤ ਲਈ ਵਰੁਣ ਚੱਕਰਵਰਤੀ ਅਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ, ਵਾਸ਼ਿੰਗਟਨ ਸੁੰਦਰ, ਅਭਿਸ਼ੇਕ ਸ਼ਰਮਾ ਅਤੇ ਹਾਰਦਿਕ ਪੰਡਯਾ ਨੇ 1-1 ਵਿਕਟ ਲਈ।