ਪਰਥ (ਆਸਟਰੇਲੀਆ): ਭਾਰਤ ਖਿਲਾਫ ਹੋਣ ਵਾਲੀ ਬਹੁਚਰਚਿਤ ਬਾਰਡਰ ਗਾਵਸਕਰ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆਈ ਕ੍ਰਿਕਟ ਜਗਤ 'ਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਦੇ ਹਮਲਾਵਰ ਖੱਬੇ ਹੱਥ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਬੁਮਰਾਹ ਨੂੰ 'ਐਕਸ ਫੈਕਟਰ' ਦੱਸਿਆ ਹੈ ਤਾਂ ਉਥੇ ਹੀ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਕਿਹਾ ਕਿ ਉਹ ਬਿੱਲੀ ਵਾਂਗ ਦੱਬੇ ਪੈਰ ਆ ਕੇ ਕਮਾਲ ਕਰ ਜਾਂਦੇ ਹਨ।
ਪਰਥ ਟੈਸਟ ਤੋਂ ਪਹਿਲਾਂ ਬੁਮਰਾਹ ਦੀ ਤਾਰੀਫ
ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਬੁਮਰਾਹ ਸ਼ੁੱਕਰਵਾਰ, 22 ਨਵੰਬਰ ਤੋਂ ਪਰਥ ਵਿੱਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਵਿੱਚ ਭਾਰਤ ਦੀ ਕਪਤਾਨੀ ਕਰਨਗੇ। ਮੌਜੂਦਾ ਅਤੇ ਸਾਬਕਾ ਆਸਟ੍ਰੇਲੀਆਈ ਕ੍ਰਿਕਟਰਾਂ ਨੇ ਟੈਸਟ ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਦੀ ਤਾਰੀਫ ਕੀਤੀ ਹੈ।
ਸਥਾਨਕ ਮੀਡੀਆ ਮੁਤਾਬਿਕ 70 ਦੇ ਦਹਾਕੇ 'ਚ ਵੈਸਟਇੰਡੀਜ਼ ਦੇ ਤੇਜ਼ ਹਮਲੇ ਦੇ ਸੁਨਹਿਰੀ ਦੌਰ ਤੋਂ ਬਾਅਦ ਪਹਿਲੀ ਵਾਰ ਕਿਸੇ ਤੇਜ਼ ਗੇਂਦਬਾਜ਼ ਨੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਡਰਾਇਆ ਹੈ। ਬੁਮਰਾਹ ਨੇ ਭਾਰਤ ਦੇ ਪਿਛਲੇ ਦੋ ਟੈਸਟ ਦੌਰਿਆਂ 'ਤੇ ਆਸਟ੍ਰੇਲੀਆ ਖਿਲਾਫ 32 ਵਿਕਟਾਂ ਲਈਆਂ ਸਨ, ਜਿਸ 'ਚ 2018 ਦੇ ਬਾਕਸਿੰਗ ਡੇ ਟੈਸਟ 'ਚ ਲਈਆਂ 6 ਵਿਕਟਾਂ ਵੀ ਸ਼ਾਮਲ ਸਨ।
ਬੁਮਰਾਹ 'ਐਕਸ ਫੈਕਟਰ' ਹੈ: ਹੈੱਡ
ਕੰਗਾਰੂ ਬੱਲੇਬਾਜ਼ ਹੈੱਡ ਨੇ ਕਿਹਾ, 'ਉਸ (ਬੁਮਰਾਹ) ਦਾ ਸਾਹਮਣਾ ਕਰਨਾ ਲੱਗਭਗ ਅਸੰਭਵ ਹੈ। ਤੁਸੀਂ ਸੋਚਦੇ ਹੋ ਕਿ ਤੁਸੀਂ ਇੱਕ ਕਦਮ ਅੱਗੇ ਹੋ ਪਰ ਉਹ ਹਮੇਸ਼ਾ ਤੁਹਾਡੇ ਤੋਂ ਇੱਕ ਕਦਮ ਅੱਗੇ ਹੁੰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, 'ਉਹ ਖੇਡ ਦੇ ਕਿਸੇ ਵੀ ਫਾਰਮੈਟ ਵਿੱਚ ਸ਼ਾਨਦਾਰ ਹੈ। ਉਹ 'ਐਕਸ ਫੈਕਟਰ' ਹੈ ਅਤੇ ਉਨ੍ਹਾਂ ਵਿੱਚੋਂ ਇੱਕ ਹੈ ਜੋ ਹਰ ਮੈਚ ਵਿੱਚ ਆਪਣੀ ਛਾਪ ਛੱਡਦੇ ਹਨ। ਵੱਡੇ ਮੈਚਾਂ ਵਿੱਚ ਤੁਹਾਨੂੰ ਵੱਡੇ ਖਿਡਾਰੀਆਂ ਦੀ ਲੋੜ ਹੁੰਦੀ ਹੈ ਅਤੇ ਉਹ ਸਭ ਤੋਂ ਵੱਡੇ ਹੁੰਦੇ ਹਨ। ਉਹ ਬੱਲੇਬਾਜ਼ਾਂ ਲਈ ਮੁਸੀਬਤ ਪੈਦਾ ਕਰਨ ਵਾਲੇ ਹਨ।