ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ 56 ਦੌੜਾਂ 'ਤੇ ਆਊਟ ਹੋ ਗਈ, ਜਿਸ ਨੂੰ ਅਫਰੀਕਾ ਨੇ 8.5 ਓਵਰਾਂ 'ਚ 1 ਵਿਕਟ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ। ਇਸ ਜਿੱਤ ਨਾਲ ਅਫਰੀਕਾ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਪਹੁੰਚ ਗਿਆ ਹੈ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਅਫਰੀਕਾ ਫਾਈਨਲ ਵਿੱਚ ਪਹੁੰਚਿਆ ਹੈ।
ਬੱਲੇਬਾਜ਼ ਹੋਏ ਢੇਰ: ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਮਹਿੰਗਾ ਸਾਬਤ ਹੋਇਆ । ਅਫਗਾਨਿਸਤਾਨ ਦੀ ਟੀਮ ਦੱਖਣੀ ਅਫਰੀਕਾ ਦੀ ਗੇਂਦਬਾਜ਼ੀ ਇਕਾਈ ਦੇ ਸਾਹਮਣੇ ਟਿਕ ਨਹੀਂ ਸਕੀ ਅਤੇ ਸਿਰਫ 56 ਦੌੜਾਂ 'ਤੇ ਹੀ ਢਹਿ ਗਈ। ਅਫਗਾਨਿਸਤਾਨ ਦਾ ਕੋਈ ਵੀ ਬੱਲੇਬਾਜ਼ 10 ਤੋਂ ਵੱਧ ਦੌੜਾਂ ਨਹੀਂ ਬਣਾ ਸਕਿਆ। ਅਜ਼ਮਤ ਉੱਲਾ ਉਮਰਜ਼ਈ ਦੋਹਰੇ ਅੰਕੜੇ ਨੂੰ ਛੂਹਣ ਵਾਲਾ ਇਕਲੌਤਾ ਬੱਲੇਬਾਜ਼ ਸੀ। ਅਫਗਾਨਿਸਤਾਨ ਵੱਲੋਂ 3 ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼, ਮੁਹੰਮਦ ਨਬੀ ਅਤੇ ਨੂਰ ਅਹਿਮਦ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤੋਂ ਇਲਾਵਾ ਇਬਰਾਹਿਮ ਜ਼ਦਰਾਨ, ਨੰਗੇਲੀ ਖਰੋਟੇ, ਨਵੀਨ ਉਲ ਹੱਕ ਅਤੇ ਫਜ਼ਲ ਹੱਕ ਫਾਰੂਕੀ 2-2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਕਰੀਮ ਜੰਨਤ ਅਤੇ ਰਾਸ਼ਿਦ ਖਾਨ ਨੇ 8-8 ਦੌੜਾਂ ਬਣਾਈਆਂ ਜਦਕਿ ਗੁਲਬਦੀਨ ਨਾਇਬ 9 ਦੌੜਾਂ ਬਣਾ ਕੇ ਆਊਟ ਹੋ ਗਏ।
ਸ਼ਾਨਦਾਰ ਪ੍ਰਦਰਸ਼ਨ :ਟੀਚੇ ਦਾ ਪਿੱਛਾ ਕਰਦਿਆਂ ਅਫ਼ਰੀਕੀ ਟੀਮ ਨੇ ਬਿਨਾਂ ਕਿਸੇ ਮੁਸ਼ਕਲ ਦੇ 8.5 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਇਹ ਸਕੋਰ ਆਸਾਨੀ ਨਾਲ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿੱਚ 8 ਗੇਂਦਾਂ ਵਿੱਚ 5 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਇਲਾਵਾ ਰੀਸ ਹੈਨਰਿਕਸ ਨੇ 23 ਦੌੜਾਂ ਦੀ ਪਾਰੀ ਅਤੇ ਕਪਤਾਨ ਐਡਮ ਮਾਰਕਰਮ ਨੇ 29 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਅਫਰੀਕਾ ਲਈ ਮਾਰਕੋ ਜੈਨਸਨ ਅਤੇ ਤਬਰੇਜ਼ ਸ਼ਮਸੀ ਨੇ 3-3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਕਾਗਿਸੋ ਰਬਾਡਾ ਅਤੇ ਐਨਰਿਕ ਨੌਰਖੀਆ ਨੇ 2-2 ਵਿਕਟਾਂ ਲਈਆਂ।
ਅਫਗਾਨ ਪ੍ਰਸ਼ੰਸਕਾਂ ਦੇ ਦਿਲ ਟੁੱਟੇ:ਪਹਿਲੀ ਵਾਰ ਸੈਮੀਫਾਈਨਲ 'ਚ ਪਹੁੰਚਣ ਤੋਂ ਬਾਅਦ ਦੱਖਣੀ ਅਫਰੀਕਾ ਹੱਥੋਂ ਕਰਾਰੀ ਹਾਰ ਤੋਂ ਬਾਅਦ ਅਫਗਾਨ ਪ੍ਰਸ਼ੰਸਕਾਂ ਦੇ ਦਿਲ ਟੁੱਟ ਗਏ। ਇਹ ਪਹਿਲਾ ਮੌਕਾ ਸੀ ਜਦੋਂ ਅਫਗਾਨਿਸਤਾਨ ਆਪਣੇ ਤੋਂ ਜ਼ਿਆਦਾ ਤਾਕਤਵਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਹਰਾ ਕੇ ਇੱਥੇ ਪਹੁੰਚਿਆ ਸੀ। ਅਫਗਾਨਾਂ ਲਈ ਕ੍ਰਿਕਟ ਹੀ ਖੁਸ਼ੀ ਦਾ ਸਰੋਤ ਹੈ। ਇਸ ਹਾਰ ਤੋਂ ਬਾਅਦ ਅਫਗਾਨ ਪ੍ਰਸ਼ੰਸਕ ਰੋਂਦੇ ਨਜ਼ਰ ਆਏ।
ਫਾਈਨਲ 'ਚ ਭਾਰਤ ਹੋਵੇਗਾ ਜਾਂ ਇੰਗਲੈਂਡ ਦੀ ਟੀਮ:ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਹੈ। ਦੂਜਾ ਸੈਮੀਫਾਈਨਲ ਅੱਜ ਸ਼ਾਮ ਇੰਗਲੈਂਡ ਅਤੇ ਭਾਰਤ ਵਿਚਾਲੇ ਖੇਡਿਆ ਜਾਵੇਗਾ। ਇਸ ਸੈਮੀਫਾਈਨਲ 'ਚ ਜੇਤੂ ਟੀਮ 29 ਜੂਨ ਨੂੰ ਫਾਈਨਲ 'ਚ ਦੱਖਣੀ ਅਫਰੀਕਾ ਨਾਲ ਭਿੜੇਗੀ। ਦੂਜੇ ਸੈਮੀਫਾਈਨਲ ਲਈ ਦੋਵੇਂ ਟੀਮਾਂ ਕਾਫੀ ਮਜ਼ਬੂਤ ਹਨ, ਹਾਲਾਂਕਿ ਉਸ ਮੈਚ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।