ਨਵੀਂ ਦਿੱਲੀ:ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਕਪਤਾਨ ਰੋਹਿਤ ਸ਼ਰਮਾ ਦੀ ਲੀਡਰਸ਼ਿਪ ਕਾਬਲੀਅਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਰੋਹਿਤ ਸ਼ਰਮਾ ਸਭ ਕੁਝ ਭੁੱਲ ਸਕਦਾ ਹੈ ਪਰ ਗੇਮ ਪਲਾਨ ਕਦੇ ਨਹੀਂ।
ਰੋਹਿਤ ਨੇ ਵਿਰਾਟ ਕੋਹਲੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਪੂਰੇ ਸਮੇਂ ਦੇ ਭਾਰਤੀ ਕਪਤਾਨ ਬਣ ਕੇ ਟੀਮ ਦੀ ਕਮਾਨ ਸੰਭਾਲੀ ਸੀ। ਉਸਦੀ ਅਗਵਾਈ ਵਿੱਚ, ਟੀਮ ਇੰਡੀਆ ਨੇ ਏਸ਼ੀਆ ਕੱਪ 2023 ਅਤੇ ਟੀ-20 ਵਿਸ਼ਵ ਕੱਪ 2024 'ਤੇ ਕਬਜ਼ਾ ਕੀਤਾ, ਜਦਕਿ ਵਨਡੇ ਵਿਸ਼ਵ ਕੱਪ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਵਿੱਚ ਉਪ ਜੇਤੂ ਰਹੀ।
ਰਾਠੌਰ ਨੇ ਪੋਡਕਾਸਟ 'ਫਾਈਂਡ ਏ ਵੇ ਵਿਦ ਤਰੁਵਰ ਕੋਹਲੀ' 'ਤੇ ਕਿਹਾ ਕਿ ਰੋਹਿਤ ਨੇ ਖਿਡਾਰੀਆਂ ਦੇ ਕਪਤਾਨ ਵਜੋਂ ਆਪਣੀ ਸਾਖ ਬਣਾਈ ਹੈ। ਟੀਮ ਵਿੱਚ ਖੁੱਲ੍ਹੇਪਨ ਦਾ ਮਾਹੌਲ ਦਿੱਤਾ। ਰਾਠੌਰ ਨੇ ਅੱਗੇ ਕਿਹਾ ਕਿ ਟੀਮ ਵਿੱਚ ਸ਼ਾਮਲ ਹੋਣ ਵਾਲੇ ਹਰ ਨੌਜਵਾਨ ਖਿਡਾਰੀ ਨੇ ਰੋਹਿਤ ਦੀ ਤਰੀਫ ਕੀਤੀ ਹੈ। ਉਸ ਨੇ ਰੋਹਿਤ ਦੀ ਹਮਦਰਦੀ ਦਿਖਾਉਣ ਦੀ ਯੋਗਤਾ 'ਤੇ ਵੀ ਜ਼ੋਰ ਦਿੱਤਾ।
ਰਾਠੌਰ ਨੇ ਅੱਗੇ ਕਿਹਾ, 'ਟੌਸ ਤੋਂ ਬਾਅਦ ਰੋਹਿਤ ਇਹ ਫੈਸਲਾ ਭੁੱਲ ਸਕਦਾ ਹੈ ਕਿ ਬੱਲੇਬਾਜ਼ੀ ਕਰਨੀ ਹੈ ਜਾਂ ਫੀਲਡਿੰਗ ਕਰਨੀ ਹੈ। ਉਹ ਟਾਸ ਦੌਰਾਨ ਖਿਡਾਰੀਆਂ ਦੇ ਨਾਂ ਵੀ ਭੁੱਲ ਜਾਂਦਾ ਹੈ। ਕਈ ਵਾਰ ਉਹ ਬੱਸ ਵਿੱਚ ਆਪਣਾ ਫ਼ੋਨ ਅਤੇ ਆਈਪੈਡ ਵੀ ਭੁੱਲ ਚੁੱਕਾ ਹੈ ਪਰ ਉਹ ਆਪਣੀ ਗੇਮ ਪਲਾਨ ਨੂੰ ਕਦੇ ਨਹੀਂ ਭੁੱਲਦਾ। ਰੋਹਿਤ ਇਸ ਵਿੱਚ ਬਹੁਤ ਚੰਗਾ ਹੈ ਅਤੇ ਇੱਕ ਵਧੀਆ ਰਣਨੀਤੀਕਾਰ ਹੈ।
ਉਸ ਨੇ ਕਿਹਾ, 'ਉਹ ਟੀਮ ਦੀ ਰਣਨੀਤੀ 'ਤੇ ਬਹੁਤ ਸਮਾਂ ਬਿਤਾਉਂਦਾ ਹੈ। ਰੋਹਿਤ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੀ ਮੁਲਾਕਾਤ ਦਾ ਹਿੱਸਾ ਹਨ। ਉਹ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੇ ਨਾਲ ਬੈਠਦਾ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਕੀ ਸੋਚ ਰਹੇ ਹਨ। ਉਹ ਖਿਡਾਰੀਆਂ ਨਾਲ ਕਾਫੀ ਸਮਾਂ ਬਿਤਾਉਂਦਾ ਹੈ।