ਨਵੀਂ ਦਿੱਲੀ:ਹੈਦਰਾਬਾਦ ਕ੍ਰਿਕਟ ਸੰਘ (ਐੱਚ. ਸੀ. ਏ.) ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਸੁਣਵਾਈ 'ਚ ਹਾਜ਼ਰ ਹੋਏ। ਈਡੀ ਨੇ ਹਾਲ ਹੀ ਵਿੱਚ ਐਚਸੀਏ ਵਿੱਚ ਬੇਨਿਯਮੀਆਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਮੰਗਲਵਾਰ ਨੂੰ ਉਹ ਜਾਂਚ ਲਈ ਹੈਦਰਾਬਾਦ ਸਥਿਤ ਕੰਪਨੀ ਦੇ ਦਫਤਰ ਪਹੁੰਚੇ। ਇਸ ਮੌਕੇ ਅਜ਼ਹਰ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਦੋਸ਼ ਝੂਠੇ ਹਨ।
ਹੈਦਰਾਬਾਦ ਦੇ ਉੱਪਲ ਸਟੇਡੀਅਮ 'ਚ ਜਨਰੇਟਰ, ਫਾਇਰ ਇੰਜਣ ਅਤੇ ਹੋਰ ਸਾਮਾਨ ਦੀ ਖਰੀਦ ਦੇ ਮਾਮਲੇ 'ਚ 20 ਕਰੋੜ ਰੁਪਏ ਦੀਆਂ ਬੇਨਿਯਮੀਆਂ ਦੇ ਦੋਸ਼ ਲੱਗੇ ਹਨ। ਇਸ ਪਿਛੋਕੜ ਵਿੱਚ ਈਡੀ ਨੇ ਅਜ਼ਹਰ ਨੂੰ ਨੋਟਿਸ ਜਾਰੀ ਕਰਕੇ ਜਾਂਚ ਲਈ ਹਾਜ਼ਰ ਹੋਣ ਦਾ ਹੁਕਮ ਦਿੱਤਾ ਸੀ। ਇਸ ਤੋਂ ਪਹਿਲਾਂ ਅਜ਼ਹਰੂਦੀਨ 4 ਸਾਲ ਤੱਕ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਦੇ ਅਹੁਦੇ 'ਤੇ ਰਹੇ ਸਨ, ਉਨ੍ਹਾਂ 'ਤੇ ਆਪਣੇ ਕਾਰਜਕਾਲ ਦੌਰਾਨ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲੱਗੇ ਹਨ।