ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ 19 ਸਤੰਬਰ ਤੋਂ ਬੰਗਲਾਦੇਸ਼ ਖਿਲਾਫ ਆਪਣੀ ਟੈਸਟ ਮੁਹਿੰਮ ਦੀ ਸ਼ੁਰੂਆਤ ਕਰੇਗੀ। ਫਿਲਹਾਲ ਭਾਰਤੀ ਟੀਮ ਇਸ ਮੈਚ ਲਈ 5 ਦਿਨਾਂ ਦਾ ਕੈਂਪ ਲਗਾ ਰਹੀ ਹੈ। ਪਰ, ਇਸ ਟੈਸਟ ਮੈਚ ਲਈ ਭਾਰਤੀ ਟੀਮ ਵਿੱਚ ਚੁਣੇ ਗਏ ਸਰਫਰਾਜ਼ ਖਾਨ ਇਸ ਦਾ ਹਿੱਸਾ ਨਹੀਂ ਹਨ ਅਤੇ ਉਹ ਦਲੀਪ ਟਰਾਫੀ ਦੇ ਦੂਜੇ ਮੈਚ ਵਿੱਚ ਖੇਡ ਰਹੇ ਹਨ।
ਭਾਰਤੀ ਟੀਮ ਦੇ ਦਿੱਗਜ ਖਿਡਾਰੀ ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਨੇ ਸਰਫਰਾਜ਼ ਖਾਨ ਸਮੇਤ ਕਈ ਕ੍ਰਿਕਟਰਾਂ ਬਾਰੇ ਵੱਡੀ ਗੱਲ ਕਹੀ ਹੈ। ਸਾਬਕਾ ਭਾਰਤੀ ਬੱਲੇਬਾਜ਼ ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਦਾ ਮੰਨਣਾ ਹੈ ਕਿ ਸਰਫਰਾਜ਼ ਨੂੰ ਆਪਣੀ ਜਗ੍ਹਾ ਕੇਐੱਲ ਰਾਹੁਲ ਨੂੰ ਵਾਪਸ ਦੇਣੀ ਹੋਵੇਗੀ। ਸਰਫਰਾਜ਼ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦੇ ਹੋਏ, ਸ਼੍ਰੀਕਾਂਤ ਨੇ ਕਿਹਾ ਕਿ ਰਾਹੁਲ ਜ਼ਖਮੀ ਸੀ ਅਤੇ ਅਸਲ ਵਿੱਚ ਉਨ੍ਹਾਂ ਨੇ ਆਪਣੀ ਜਗ੍ਹਾ ਨਹੀਂ ਗਵਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਵੀ ਫਿੱਟ ਹੋ ਕੇ ਪੰਤ ਦੇ ਸਾਹਮਣੇ ਆਪਣੀ ਜਗ੍ਹਾ ਗੁਆ ਦੇਣਗੇ।
ਸ਼੍ਰੀਕਾਂਤ ਨੇ ਆਪਣੇ ਯੂਟਿਊਬ ਚੈਨਲ 'ਚੀਕੀ ਚੀਕਾ' 'ਤੇ ਕਿਹਾ, 'ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਸਰਫਰਾਜ਼ ਖਾਨ ਲਈ ਬੁਰਾ ਲੱਗਦਾ ਹੈ, ਜੇਕਰ ਤੁਸੀਂ ਚੰਗਾ ਖੇਡਦੇ ਹੋ ਤਾਂ ਵੀ ਕਈ ਵਾਰ ਕੋਈ ਵੱਡਾ ਖਿਡਾਰੀ ਜ਼ਖਮੀ ਹੋਣ ਤੋਂ ਬਾਅਦ ਠੀਕ ਹੋ ਕੇ ਟੀਮ 'ਚ ਆਉਂਦਾ ਹੈ, ਤਾਂ ਤੁਸੀਂ ਆਪਣੀ ਜਗ੍ਹਾ ਗੁਆ ਦਿੰਦੇ ਹੋ- ਦੇਖੋ ਰਿਸ਼ਭ ਪੰਤ ਟੀਮ ਵਿੱਚ ਆਉਂਦੇ ਹੈ ਅਤੇ ਜੁਰੇਲ ਨੂੰ ਬਾਹਰ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ, ਤੁਹਾਨੂੰ ਆਸਟ੍ਰੇਲੀਆ ਸੀਰੀਜ਼ ਨੂੰ ਧਿਆਨ 'ਚ ਰੱਖਣਾ ਹੋਵੇਗਾ, ਅਗਲੀ ਸੀਰੀਜ਼ ਨਿਊਜ਼ੀਲੈਂਡ ਖਿਲਾਫ ਖੇਡੀ ਜਾਣੀ ਹੈ। ਕੇਐਲ ਰਾਹੁਲ ਨੇ ਆਸਟਰੇਲੀਆ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ'।