ਉੱਤਰ ਪ੍ਰਦੇਸ਼: ਆਜ਼ਮਗੜ੍ਹ ਜ਼ਿਲ੍ਹੇ 'ਚ ਟੀਮ ਇੰਡੀਆ ਲਈ ਖੇਡ ਰਹੇ ਸਟਾਰ ਕ੍ਰਿਕਟਰ ਸਰਫਰਾਜ਼ ਖਾਨ ਦਾ ਭਰਾ ਮੁਸ਼ੀਰ ਖਾਨ ਸੜਕ ਹਾਦਸੇ 'ਚ ਜ਼ਖਮੀ ਹੋ ਗਿਆ ਹੈ। ਮੁਸ਼ੀਰ ਖਾਨ ਦੀ ਗਰਦਨ ਬੁਰੀ ਤਰ੍ਹਾਂ ਜ਼ਖਮੀ ਹੈ। ਮੁਸ਼ੀਰ ਸ਼ੁੱਕਰਵਾਰ ਨੂੰ ਆਪਣੇ ਪਿਤਾ ਨੌਸ਼ਾਦ ਖਾਨ ਨਾਲ ਆਜ਼ਮਗੜ੍ਹ ਤੋਂ ਲਖਨਊ ਜਾ ਰਹੇ ਸੀ, ਜਦੋਂ ਇਹ ਹਾਦਸਾ ਹੋਇਆ। ਹਾਦਸੇ ਦਾ ਕਾਰਨ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਕਾਰ ਸੜਕ 'ਤੇ 4-5 ਵਾਰ ਪਲਟ ਗਈ, ਜਿਸ ਕਾਰਨ ਮੁਸ਼ੀਰ ਨੂੰ ਗੰਭੀਰ ਸੱਟਾਂ ਲੱਗੀਆਂ।
ਮੁਸ਼ੀਰ ਖਾਨ ਹਾਦਸੇ ਦਾ ਵੀਡੀਓ (ETV BHARAT) ਮੁਸ਼ੀਰ ਖਾਨ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ
ਤੁਹਾਨੂੰ ਦੱਸ ਦਈਏ ਕਿ ਇਰਾਨੀ ਕੱਪ ਦਾ ਮੈਚ 1 ਤੋਂ 5 ਅਕਤੂਬਰ ਦਰਮਿਆਨ ਲਖਨਊ ਦੇ ਏਕਾਨਾ ਸਟੇਡੀਅਮ 'ਚ ਮੁੰਬਈ ਅਤੇ ਰੈਸਟ ਆਫ ਇੰਡੀਆ ਵਿਚਾਲੇ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਮੁਸ਼ੀਰ ਦਾ ਸੜਕ ਹਾਦਸਾ ਮੁੰਬਈ ਲਈ ਵੱਡਾ ਝਟਕਾ ਹੈ। ਇੰਨਾ ਹੀ ਨਹੀਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁਸ਼ੀਰ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਦੇ ਸ਼ੁਰੂਆਤੀ ਮੈਚਾਂ ਤੋਂ ਵੀ ਖੁੰਝ ਸਕਦੇ ਹਨ। ਸਰਫਰਾਜ਼ ਖਾਨ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ। ਇੱਥੋਂ ਦੀ ਸਾਗਦੀ ਤਹਿਸੀਲ ਵਿੱਚ ਉਨ੍ਹਾਂ ਦਾ ਪਿੰਡ ਬਾਸੁਪੁਰ ਹੈ।
ਦਲੀਪ ਟਰਾਫੀ 'ਚ ਮਚਾਈ ਸੀ ਧਮਾਲ
ਮੁਸ਼ੀਰ ਖਾਨ ਨੇ ਦਲੀਪ ਟਰਾਫੀ 2024 ਵਿੱਚ ਬੱਲੇ ਨਾਲ ਤਬਾਹੀ ਮਚਾਈ ਸੀ। ਆਪਣੇ ਪਹਿਲੇ ਮੈਚ ਵਿੱਚ ਹੀ ਮੁਸ਼ੀਰ ਨੇ ਇੰਡੀਆ-ਬੀ ਵਲੋਂ ਇੰਡੀਆ-ਏ ਖਿਲਾਫ 181 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਉਨ੍ਹਾਂ ਨੇ 373 ਗੇਂਦਾਂ ਦਾ ਸਾਹਮਣਾ ਕੀਤਾ ਅਤੇ 16 ਚੌਕਿਆਂ ਤੋਂ ਇਲਾਵਾ 5 ਛੱਕੇ ਲਗਾਏ। ਦਲੀਪ ਟਰਾਫੀ 'ਚ ਡੈਬਿਊ ਦੌਰਾਨ ਕਿਸੇ ਟੀਨੇਜ਼ਰ (20 ਸਾਲ ਤੋਂ ਘੱਟ ਉਮਰ ਦੇ) ਦਾ ਇਹ ਤੀਜਾ ਸਭ ਤੋਂ ਵੱਡਾ ਸਕੋਰ ਸੀ। ਮੁਸ਼ੀਰ ਦਾ ਵੱਡਾ ਭਰਾ ਸਰਫਰਾਜ਼ ਖਾਨ ਭਾਰਤੀ ਟੈਸਟ ਟੀਮ 'ਚ ਹੈ ਅਤੇ ਫਿਲਹਾਲ ਉਨ੍ਹਾਂ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ 'ਚ ਹੋ ਰਹੇ ਟੈਸਟ ਮੈਚ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਉਹ ਟੀਮ ਦਾ ਹਿੱਸਾ ਹਨ।
ਮੁਸ਼ੀਰ ਦੇ ਮਾਮਾ ਸ਼ਕੀਲ ਅਹਿਮਦ ਨੇ ਈਟੀਵੀ ਨੂੰ ਦਿੱਤੀ ਅਹਿਮ ਜਾਣਕਾਰੀ
ਹਾਦਸੇ ਦੀ ਖ਼ਬਰ ਮਿਲਦੇ ਹੀ ਆਜ਼ਮਗੜ੍ਹ ਦੀ ਸਾਗਦੀ ਤਹਿਸੀਲ ਖੇਤਰ ਦੇ ਬਾਸੁਪਰ ਪਿੰਡ 'ਚ ਸਥਿਤ ਮੁਸ਼ੀਰ ਖਾਨ ਦੇ ਘਰ 'ਤੇ ਸ਼ੁਭਚਿੰਤਕਾਂ ਦੀ ਭੀੜ ਲੱਗ ਗਈ। ਸੜਕ ਹਾਦਸੇ ਬਾਰੇ ਕ੍ਰਿਕਟਰ ਮੁਨਸ਼ੀਰ ਖ਼ਾਨ ਦੇ ਮਾਮਾ ਸ਼ਕੀਲ ਅਹਿਮਦ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਸ਼ੀਰ ਖ਼ਾਨ ਆਪਣੇ ਪਿਤਾ ਨੌਸ਼ਾਦ ਖ਼ਾਨ ਅਤੇ ਡਰਾਈਵਰ ਨਾਲ ਫਾਰਚੂਨਰ ਕਾਰ 'ਚ ਆਜ਼ਮਗੜ੍ਹ ਤੋਂ ਲਖਨਊ ਜਾ ਰਹੇ ਸੀ, ਜਦੋਂ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਸਾਰੇ ਵਾਲ-ਵਾਲ ਬਚ ਗਏ ਪਰ ਮੁਸ਼ੀਰ ਖਾਨ ਜ਼ਖਮੀ ਹੋ ਗਏ।