ਨਵੀਂ ਦਿੱਲੀ: IPL 2024 ਦਾ 56ਵਾਂ ਮੈਚ ਅੱਜ ਯਾਨੀ 7 ਮਈ (ਮੰਗਲਵਾਰ) ਨੂੰ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ 'ਚ ਡੀਸੀ ਦੀ ਕਪਤਾਨੀ ਰਿਸ਼ਭ ਪੰਤ ਦੇ ਹੱਥ ਹੋਵੇਗੀ, ਜਦਕਿ ਸੰਜੂ ਸੈਮਸਨ ਆਰਆਰ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ। ਇਸ ਸੀਜ਼ਨ 'ਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਹਿਲਾ ਮੁਕਾਬਲਾ 28 ਮਾਰਚ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਹੋਇਆ ਸੀ, ਜਿੱਥੇ ਰਾਜਸਥਾਨ ਨੇ ਦਿੱਲੀ ਨੂੰ 12 ਦੌੜਾਂ ਨਾਲ ਹਰਾਇਆ ਸੀ। ਹੁਣ ਦਿੱਲੀ ਰਾਜਸਥਾਨ ਨੂੰ ਘਰੇਲੂ ਮੈਦਾਨ 'ਤੇ ਹਰਾ ਕੇ ਪਿਛਲੀ ਹਾਰ ਦਾ ਬਦਲਾ ਲੈਣਾ ਚਾਹੇਗੀ।
ਰਾਜਸਥਾਨ ਰਾਇਲਜ਼ ਨੇ ਇਸ ਸੀਜ਼ਨ 'ਚ ਹੁਣ ਤੱਕ 10 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 8 ਮੈਚ ਜਿੱਤੇ ਹਨ ਅਤੇ ਸਿਰਫ 2 ਮੈਚ ਹਾਰੇ ਹਨ। ਆਰਆਰ 16 ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਬਰਕਰਾਰ ਹੈ। ਦਿੱਲੀ ਕੈਪੀਟਲਜ਼ ਨੇ ਆਈਪੀਐਲ 2024 ਵਿੱਚ ਹੁਣ ਤੱਕ ਕੁੱਲ 11 ਮੈਚ ਖੇਡੇ ਹਨ। ਇਸ ਦੌਰਾਨ ਟੀਮ ਨੇ 6 ਮੈਚ ਹਾਰੇ ਹਨ ਅਤੇ ਸਿਰਫ 5 ਮੈਚ ਜਿੱਤੇ ਹਨ ਅਤੇ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਮੌਜੂਦ ਹੈ।
ਦਿੱਲੀ ਅਤੇ ਰਾਜਸਥਾਨ ਵਿਚਾਲੇ ਹੁਣ ਤੱਕ ਕੁੱਲ 28 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਰਾਜਸਥਾਨ ਰਾਇਲਜ਼ ਦੀ ਟੀਮ ਨੇ 15 ਮੈਚ ਜਿੱਤੇ ਹਨ। ਜਦਕਿ ਦਿੱਲੀ ਕੈਪੀਟਲਸ ਦੀ ਟੀਮ ਸਿਰਫ਼ 13 ਮੈਚ ਹੀ ਜਿੱਤ ਸਕੀ ਹੈ। ਜੇਕਰ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ 5 ਮੈਚਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਰਾਜਸਥਾਨ ਦਾ ਹੀ ਹੱਥ ਹੈ। ਰਾਜਸਥਾਨ ਨੇ ਪਿਛਲੇ 5 ਮੈਚਾਂ 'ਚੋਂ 3 'ਚ ਜਿੱਤ ਦਰਜ ਕੀਤੀ ਹੈ, ਜਦਕਿ ਦਿੱਲੀ ਨੇ ਸਿਰਫ 2 ਮੈਚ ਜਿੱਤੇ ਹਨ।
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਦੀ ਸਮਤਲ ਪਿੱਚ 'ਤੇ ਬੱਲੇਬਾਜ਼ਾਂ ਦਾ ਦਬਦਬਾ ਹੈ। ਇਸ ਪਿੱਚ 'ਤੇ ਬੱਲੇਬਾਜ਼ ਤੇਜ਼ ਰਫਤਾਰ ਅਤੇ ਉਛਾਲ ਦਾ ਪੂਰਾ ਫਾਇਦਾ ਉਠਾਉਂਦੇ ਹਨ। ਇਸ ਮੈਦਾਨ ਦੀ ਛੋਟੀ ਬਾਊਂਡਰੀ ਅਤੇ ਤੇਜ਼ ਆਊਟਫੀਲਡ ਵੀ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਵਿੱਚ ਮਦਦ ਕਰਦੀ ਹੈ। ਇਸ ਪਿੱਚ 'ਤੇ ਤੇਜ਼ ਗੇਂਦਬਾਜ਼ਾਂ ਨੂੰ ਕੁਝ ਮਦਦ ਮਿਲਦੀ ਹੈ ਪਰ ਇਸ ਪਿੱਚ 'ਤੇ ਸਪਿਨ ਗੇਂਦਬਾਜ਼ਾਂ ਲਈ ਜ਼ਿਆਦਾ ਮਦਦ ਨਹੀਂ ਮਿਲਦੀ। ਇਸ ਆਈਪੀਐਲ ਵਿੱਚ 6 ਪਾਰੀਆਂ ਵਿੱਚ 200 ਤੋਂ ਵੱਧ ਦਾ ਸਕੋਰ ਬਣਾਇਆ ਗਿਆ ਹੈ।