ਨਵੀਂ ਦਿੱਲੀ:ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਟੈਸਟ ਦੇ ਚੌਥੇ ਦਿਨ ਦੀ ਖੇਡ ਵੀਰਵਾਰ ਨੂੰ ਮੀਂਹ ਕਾਰਨ ਰੱਦ ਹੋ ਗਈ। ਟਾਸ ਸਵੇਰੇ 9 ਵਜੇ ਹੋਣਾ ਸੀ, ਪਰ ਲਗਾਤਾਰ ਚੌਥੇ ਦਿਨ ਮੀਂਹ ਕਾਰਨ ਖੇਡ ਵਿੱਚ ਵਿਘਨ ਪਿਆ ਅਤੇ ਅਧਿਕਾਰੀਆਂ ਨੇ ਲਗਾਤਾਰ ਚੌਥੇ ਦਿਨ ਖੇਡ ਰੱਦ ਕਰ ਦਿੱਤੀ।
ਮੀਂਹ ਕਾਰਨ ਚੌਥਾ ਦਿਨ ਵੀ ਹੋਇਆ ਖ਼ਰਾਬ
ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਕ ਬਿਆਨ 'ਚ ਕਿਹਾ ਕਿ ਲਗਾਤਾਰ ਮੀਂਹ ਕਾਰਨ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਇਕਲੌਤੇ ਟੈਸਟ ਮੈਚ ਦੇ ਚੌਥੇ ਦਿਨ ਦਾ ਖੇਡ ਨਹੀਂ ਖੇਡਿਆ ਜਾਵੇਗਾ। ਏਸੀਬੀ ਨੇ ਕਿਹਾ ਕਿ ਕੱਲ੍ਹ ਸਵੇਰੇ 8 ਵਜੇ ਖੇਡ ਸ਼ੁਰੂ ਕਰਨ ਦਾ ਫੈਸਲਾ ਸਟੇਡੀਅਮ ਦਾ ਜਾਇਜ਼ਾ ਲੈਣ ਤੋਂ ਬਾਅਦ ਲਿਆ ਜਾਵੇਗਾ।
ਸਟੇਡੀਅਮ 'ਤੇ ਉੱਠੇ ਸਵਾਲ
ਗ੍ਰੇਟਰ ਨੋਇਡਾ ਸਟੇਡੀਅਮ 'ਚ ਸਹੂਲਤਾਂ ਦੀ ਘਾਟ ਕਾਰਨ 4 ਦਿਨਾਂ 'ਚ ਇਕ ਵੀ ਗੇਂਦ ਨਹੀਂ ਸੁੱਟੀ ਗਈ ਅਤੇ ਆਊਟਫੀਲਡ ਗਿੱਲੀ ਹੋਣ ਕਾਰਨ ਪਹਿਲੇ ਦੋ ਦਿਨਾਂ 'ਚ ਮੈਚ ਸ਼ੁਰੂ ਨਹੀਂ ਹੋ ਸਕਿਆ, ਜਿਸ ਨੇ ਮੇਜ਼ਬਾਨੀ ਲਈ ਮੈਦਾਨ ਦੀ ਤਿਆਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਅਫਗਾਨਿਸਤਾਨ ਇਸ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਉਸ ਨੇ ਕੁਝ ਕਾਰਨਾਂ ਕਰਕੇ ਇਸ ਸਥਾਨ ਨੂੰ ਚੁਣਿਆ ਸੀ। 2017 ਵਿੱਚ ਆਈਸੀਸੀ ਤੋਂ ਟੈਸਟ ਦਰਜਾ ਮਿਲਣ ਤੋਂ ਬਾਅਦ ਇਹ ਉਨ੍ਹਾਂ ਦਾ 10ਵਾਂ ਟੈਸਟ ਮੈਚ ਹੈ। ਅਫਗਾਨਿਸਤਾਨ ਟੈਸਟ ਫਾਰਮੈਟ 'ਚ ਪਹਿਲੀ ਵਾਰ ਨਿਊਜ਼ੀਲੈਂਡ ਖਿਲਾਫ ਖੇਡ ਰਿਹਾ ਹੈ। ਇਹ ਮੈਚ ICC ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਚੱਕਰ ਦਾ ਹਿੱਸਾ ਨਹੀਂ ਹੈ।
ਸਿਰਫ਼ 7 ਟੈਸਟ ਮੈਚ ਬਿਨਾਂ ਇੱਕ ਵੀ ਗੇਂਦ ਸੁੱਟੇ ਹੋਏ ਰੱਦ
ਤੁਹਾਨੂੰ ਦੱਸ ਦਈਏ ਕਿ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਿਰਫ਼ 7 ਮੈਚ ਇੱਕ ਵੀ ਗੇਂਦ ਸੁੱਟੇ ਬਿਨਾਂ ਰੱਦ ਹੋਏ ਹਨ। ਆਖਰੀ ਵਾਰ ਅਜਿਹਾ 1998 ਵਿੱਚ ਡੁਨੇਡਿਨ ਵਿੱਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡੇ ਗਏ ਮੈਚ ਵਿੱਚ ਹੋਇਆ ਸੀ। ਗ੍ਰੇਟਰ ਨੋਇਡਾ 'ਚ ਲਗਾਤਾਰ ਮੀਂਹ ਕਾਰਨ ਸ਼ੁੱਕਰਵਾਰ ਦੀ ਖੇਡ ਵੀ ਰੱਦ ਹੋਣ ਦੀ ਸੰਭਾਵਨਾ ਹੈ, ਜੋ ਕਿ ਟੈਸਟ ਕ੍ਰਿਕਟ ਲਈ ਚਿੰਤਾ ਦਾ ਵਿਸ਼ਾ ਹੈ।