ਨਵੀਂ ਦਿੱਲੀ: ਭਾਰਤੀ ਨੌਜਵਾਨ ਤੀਰਅੰਦਾਜ਼ ਅਦਿਤੀ ਗੋਪੀਚੰਦ ਨੂੰ ਵਰਲਡ ਤੀਰਅੰਦਾਜ਼ੀ ਵੱਲੋਂ ਬ੍ਰੇਕਥਰੂ ਤੀਰਅੰਦਾਜ਼ ਆਫ ਦਿ ਈਅਰ 2023 ਦਾ ਪੁਰਸਕਾਰ ਮਿਲਿਆ ਹੈ। ਅਦਿਤੀ ਨੇ ਪਿਛਲੇ ਸਾਲ 2023 'ਚ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸਭ ਤੋਂ ਘੱਟ ਉਮਰ 'ਚ ਸੋਨ ਤਮਗਾ ਜਿੱਤ ਕੇ ਵੱਡਾ ਰਿਕਾਰਡ ਬਣਾਇਆ ਸੀ। ਉਸ ਨੇ ਮੈਕਸੀਕੋ ਦੀ ਐਂਡਰੀਆ ਬੇਸੇਰਾ ਨੂੰ ਹਰਾ ਕੇ ਇਹ ਰਿਕਾਰਡ ਹਾਸਲ ਕੀਤਾ। ਇਸ ਈਵੈਂਟ ਵਿੱਚ ਜੋਤੀ ਸੁਰੇਖਾ ਵੇਨਮ ਅਤੇ ਪ੍ਰਨੀਤ ਕੌਰ ਦੀ ਜੋੜੀ ਨੇ ਵੀ ਸੋਨ ਤਗਮਾ ਜਿੱਤਿਆ।
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਸ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਕਿਹਾ, '2023 ਦਾ ਵਿਸ਼ਵ ਤੀਰਅੰਦਾਜ਼ੀ ਬ੍ਰੇਕਥਰੂ ਤੀਰਅੰਦਾਜ਼ ਜਿੱਤਣ 'ਤੇ ਅਦਿਤੀ ਗੋਪੀਚੰਦ ਸਵਾਮੀ ਨੂੰ ਬਹੁਤ-ਬਹੁਤ ਵਧਾਈਆਂ। 2023 ਅਦਿਤੀ ਲਈ ਇੱਕ ਬੇਮਿਸਾਲ ਸਾਲ ਰਿਹਾ ਹੈ, ਜਿਸ ਵਿੱਚ ਉਸਨੇ ਆਪਣੀ ਅਸਾਧਾਰਣ ਪ੍ਰਤਿਭਾ ਅਤੇ ਸ਼ਾਨਦਾਰ ਨਿਰੰਤਰਤਾ ਦਾ ਪ੍ਰਦਰਸ਼ਨ ਕੀਤਾ ਹੈ। ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤ ਕੇ ਉਹ ਪਹਿਲੀ ਭਾਰਤੀ ਅਤੇ ਸਭ ਤੋਂ ਛੋਟੀ ਉਮਰ ਦੀ ਵਿਸ਼ਵ ਚੈਂਪੀਅਨ ਬਣੀ। ਇਹ ਪੁਰਸਕਾਰ ਉਸ ਦੀ ਮਿਹਨਤ ਅਤੇ ਅਨੁਸ਼ਾਸਨ ਦੀ ਚੰਗੀ ਪਛਾਣ ਹੈ। ਉਸ ਨੂੰ ਮੇਰੀਆਂ ਸ਼ੁੱਭਕਾਮਨਾਵਾਂ, ਇਸ ਨੂੰ ਜਾਰੀ ਰੱਖੋ।'