ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ 'ਤੇ ਬੋਲਦੇ ਹੋਏ ਇਸ਼ਾਰਿਆਂ ਰਾਹੀਂ ਨਹਿਰੂ-ਗਾਂਧੀ ਪਰਿਵਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਗਾਂਧੀ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਇਕੱਠੇ ਸਾਂਸਦ ਹੋਣ ਦਾ ਮੁੱਦਾ ਉਠਾਇਆ ਅਤੇ ਦੋਸ਼ ਲਾਇਆ ਕਿ ਕਾਂਗਰਸ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਕੁਝ ਲੋਕਾਂ ਲਈ ਜਾਤ ਦੀ ਗੱਲ ਕਰਨਾ ਇਕ ਫੈਸ਼ਨ ਬਣ ਗਿਆ ਹੈ। ਪਿਛਲੇ 30 ਸਾਲਾਂ ਤੋਂ ਸਦਨ 'ਚ ਆ ਰਹੇ ਓਬੀਸੀ ਭਾਈਚਾਰੇ ਦੇ ਸੰਸਦ ਮੈਂਬਰ ਇਕਜੁੱਟ ਹੋ ਕੇ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਦੀ ਮੰਗ ਕਰ ਰਹੇ ਸਨ। ਜਿੰਨ੍ਹਾਂ ਲੋਕਾਂ ਨੂੰ ਅੱਜ ਜਾਤੀਵਾਦ 'ਚ ਮਲਾਈ ਦਿਖ ਰਹੀ ਹੈ, ਉਨ੍ਹਾਂ ਲੋਕਾਂ ਨੂੰ ਉਸ ਸਮੇਂ ਓਬੀਸੀ ਦੀ ਯਾਦ ਨਹੀਂ ਆਈ। ਅਸੀਂ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ"।
ਉਨ੍ਹਾਂ ਨੇ ਅੱਗੇ ਕਿਹਾ, "ਐਸਸੀ, ਐਸਟੀ ਅਤੇ ਓਬੀਸੀ ਨੂੰ ਹਰ ਖੇਤਰ ਵਿੱਚ ਵੱਧ ਤੋਂ ਵੱਧ ਮੌਕੇ ਮਿਲਣੇ ਚਾਹੀਦੇ ਹਨ – ਅਸੀਂ ਇਸ ਦਿਸ਼ਾ ਵਿੱਚ ਬਹੁਤ ਮਜ਼ਬੂਤੀ ਨਾਲ ਕੰਮ ਕੀਤਾ ਹੈ, ਮੈਂ ਇਸ ਸਦਨ ਦੇ ਜ਼ਰੀਏ ਨਾਗਰਿਕਾਂ ਦੇ ਸਾਹਮਣੇ ਇੱਕ ਮਹੱਤਵਪੂਰਨ ਸਵਾਲ ਰੱਖਦਾ ਹਾਂ – ਕੀ ਕਦੇ ਐਸਸੀ ਸਮਾਜ ਦੇ ਇੱਕ ਹੀ ਪਰਿਵਾਰ ਦੇ ਇੱਕ ਸਮੇਂ ਤਿੰਨ ਸੰਸਦ ਮੈਂਬਰ ਹੋਏ ਹਨ? ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਕੀ ਕਦੇ ST ਭਾਈਚਾਰੇ ਦੇ ਇੱਕ ਹੀ ਪਰਿਵਾਰ ਤੋਂ ਇੱਕ ਸਮੇਂ ਤਿੰਨ ਸੰਸਦ ਮੈਂਬਰ ਆਏ ਹਨ...ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ"।