ਅੰਮ੍ਰਿਤਸਰ:ਜ਼ਿਲ੍ਹਾਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਨੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਨਪ੍ਰੀਤ ਬਾਦਲ ਦੇ ਵਾਅਦਿਆਂ ਨੂੰ ਝੂਠਾ ਕਰਾਰ ਦਿੱਤਾ ਹੈ। ਔਜਲਾ ਨੇ ਕਿਹਾ ਕਿ ਬਾਦਲ ਚੋਣ ਪ੍ਰਚਾਰ ਦੌਰਾਨ ਅਜਿਹੇ ਗੁੰਮਰਾਹਕੁੰਨ ਦਾਅਵੇ ਕਰ ਕੇ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਕਰ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਜਿਸ ਤੋਂ ਬਾਅਦ ਸਾਰੇ ਸਿਆਸਤਦਾਨਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਉਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਜਿਸ ਵਿੱਚ ਉਹ ਬੱਚਿਆਂ ਨੂੰ ਨੌਕਰੀ ਲਵਾਉਣ ਦੀ ਗੱਲ ਕਰ ਰਹੇ ਹਨ। ਉਥੇ ਹੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਸਿਰਫ ਲੋਕਾਂ ਨੂੰ ਝੂਠ ਪਰੋਸ ਰਹੇ ਹਨ।
ਲੋਕਾਂ ਨੂੰ ਬੋਲਿਆ ਝੂਠ
ਇਸ ਮੁੱਦੇ 'ਤੇ ਬੋਲਦਿਆਂ ਔਜਲਾ ਨੇ ਕਿਹਾ ਕਿ “ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ ਰਿਹਾ ਹੈ। ਉਹ 16 ਸਾਲ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ, ਵਿੱਤ ਮੰਤਰੀ ਵੀ ਰਹੇ ਹਨ, ਪਰ ਫਿਰ ਵੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿੱਚ ਨਾਕਾਮ ਰਹੇ ਹਨ। ਹੁਣ ਚੋਣਾਂ ਦੌਰਾਨ ਉਹ ਇਸ ਵਾਰ ਫਿਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਖੋਖਲੇ ਵਾਅਦੇ ਕਰ ਰਹੇ ਹਨ। ਜੇਕਰ ਤੁਸੀਂ ਸੱਤਾ 'ਚ ਰਹਿੰਦਿਆਂ ਕੋਈ ਕੰਮ ਨਹੀਂ ਕਰ ਸਕੇ ਤਾਂ ਹੁਣ ਗਿੱਦੜਬਾਹਾ ਤੁਹਾਡੇ 'ਤੇ ਵਿਸ਼ਵਾਸ ਕਿਉਂ ਕਰੇ? ਤੁਹਾਡੇ ਇਹ ਸਾਰੇ ਵਾਅਦੇ ਇੱਕ ਵਾਰ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।"
ਮਨਪ੍ਰੀਤ ਬਾਦਲ ਦੀ ਵੀਡੀਓ ਵਾਇਰਲ, ਵੱਖ-ਵੱਖ ਵਿਭਾਗਾਂ 'ਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਆਖੀ ਗੱਲ