ਪੰਜਾਬ

punjab

ETV Bharat / politics

"ਆਪ ਸਰਕਾਰ ਵਿੱਚ ਨਸ਼ਾ ਹੋਇਆ ਦੁੱਗਣਾ" ਆਪ ਸਰਕਾਰ ਉੱਤੇ ਤਰੁਣ ਚੁੱਘ ਦਾ ਵੱਡਾ ਨਿਸ਼ਾਨਾ - BARNALA BY POLL

ਕੇਜਰੀਵਾਲ ਦੇ ਨਸ਼ੇ ਪ੍ਰਤੀ ਦਿੱਤੇ ਬਿਆਨ 'ਤੇ ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਨਸ਼ਾ ਘਟਣ ਦੀ ਬਜਾਏ ਦੁੱਗਣਾ ਹੋਇਆ।

BJP Leader Tarun Chugh
ਆਪ ਸਰਕਾਰ ਉੱਤੇ ਤਰੁਣ ਚੁੱਘ ਦਾ ਵੱਡਾ ਨਿਸ਼ਾਨਾ (Etv Bharat (ਪੱਤਰਕਾਰ, ਬਰਨਾਲਾ))

By ETV Bharat Punjabi Team

Published : Nov 10, 2024, 5:28 PM IST

ਬਰਨਾਲਾ:ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਚੋਣ ਪ੍ਰਚਾਰ ਜਾਰੀ ਹੈ। ਕੇਵਲ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨਤਾਰਨ ਚੁੱਘ ਪਹੁੰਚੇ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਘੇਰਿਆ। ਇਸ ਮੌਕੇ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।

ਆਪ ਸਰਕਾਰ ਉੱਤੇ ਤਰੁਣ ਚੁੱਘ ਦਾ ਵੱਡਾ ਨਿਸ਼ਾਨਾ (Etv Bharat (ਪੱਤਰਕਾਰ, ਬਰਨਾਲਾ))

ਚੁੱਘ ਨੇ ਘੇਰੀ ਆਪ ਸਰਕਾਰ

ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਭੇਜਿਆ 43000 ਕਰੋੜ ਰੁਪਏ ਨਾਲ ਝੋਨੇ ਦੇ ਸਹੀ ਪ੍ਰਬੰਧ ਕਰਨ ਵਿੱਚ ਵੀ ਪੰਜਾਬ ਸਰਕਾਰ ਨਾਕਾਮ ਰਹੀ ਹੈ। ਉੱਥੇ ਪਿਛਲੀ ਸਰਕਾਰ ਵੇਲੇ ਭਗਵੰਤ ਮਾਨ ਮਾਫੀਆ ਸਿਸਟਮ ਦੀ ਗੱਲ ਕਰਦੇ ਸਨ। ਪ੍ਰੰਤੂ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਗੈਂਗਇਜ਼ਮ ਸਿਸਟਮ ਚੱਲ ਰਿਹਾ ਹੈ। ਪੰਜਾਬ ਵਿੱਚ ਰੇਤ ਮਾਫੀਆ, ਨਕਲੀ ਸ਼ਰਾਬ ਮਾਫੀਆ ਅਤੇ ਕੇਬਲ ਮਾਫੀਆ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਸਰਗਰਮ ਹੈ। ਪੰਜਾਬ ਆਮ ਵੀ ਪਾਰਟੀ ਦੀ ਸਰਕਾਰ ਨੂੰ ਭਜਾਉਣ ਲਈ ਤਿਆਰ ਹੋਇਆ ਬੈਠਾ ਹੈ।

ਪੰਜਾਬ ਦੇ ਸਾਰੇ ਸੈਕਟਰ ਡਗਮਗਾਏ

ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋ ਦੀ ਅਗਵਾਈ ਵਾਲੀ ਬਰਨਾਲਾ ਵਿਧਾਨ ਸਭਾ ਦੀ ਚੋਣ ਬੀਜੇਪੀ ਵੱਡੀ ਲੀਡ ਨਾਲ ਜਿੱਤੇਗੀ, ਜੋ ਪੂਰੇ ਪੰਜਾਬ ਵਿੱਚ ਇਹ ਸੁਨੇਹਾ ਦੇਵੇਗਾ ਕਿ ਪੂਰਾ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਛੁਟਕਾਰਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਕੋਲੋਂ ਵੀ ਕੋਈ ਨੇਤਾ, ਨੀਅਤ ਅਤੇ ਨੀਤੀ ਨਹੀਂ ਹੈ। ਪੰਜਾਬ ਦੇ ਸਾਰੇ ਸੈਕਟਰ ਕਿਸਾਨੀ, ਕਾਮਰਸ, ਇੰਡਸਟਰੀ ਅਤੇ ਸਰਵਿਸ ਪੂਰੀ ਤਰ੍ਹਾਂ ਨਾਲ ਡਗਮਗਾ ਚੁੱਕੇ ਹਨ, ਜਿਨ੍ਹਾਂ ਨੂੰ ਖੜੇ ਕਰਨ ਲਈ ਪੰਜਾਬ ਵਿੱਚ ਡਬਲ ਇੰਜਨ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਲੋੜ ਹੈ।

ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਚੋਣ ਪ੍ਰਚਾਰ (Etv Bharat (ਪੱਤਰਕਾਰ, ਬਰਨਾਲਾ))

ਨਸ਼ਾ ਘੱਟਣ ਦੀ ਬਜਾਏ ਦੁੱਗਣਾ ਹੋਇਆ

ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਸ਼ੇ ਪ੍ਰਤੀ ਦਿੱਤੇ ਬਿਆਨ ਉੱਪਰ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਨਸ਼ਾ ਘੱਟਣ ਦੀ ਬਜਾਏ ਦੁੱਗਣਾ ਹੋ ਗਿਆ ਹੈ। 24 ਘੰਟਿਆਂ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਪੂਰਾ ਕਰਨ ਵਿੱਚ ਭਗਵੰਤ ਮਾਨ ਦੀ ਸਰਕਾਰ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਛੱਡੋ, ਹੁਣ ਤਾਂ 30 ਮਹੀਨੇ ਦਾ ਸਮਾਂ ਸਰਕਾਰ ਨੂੰ ਬੀਤ ਗਿਆ ਹੈ, ਪਰ ਨਸ਼ਾ ਖਤਮ ਨਹੀਂ ਕੀਤਾ ਜਾ ਸਕਿਆ।

ਸੂਬਾ ਸਰਕਾਰ ਆਗਾਊ ਪ੍ਰਬੰਧ ਕਰਨ 'ਚ ਰਹੀ ਨਾਕਾਮ

ਝੋਨੇ ਦੀ ਪਰਾਲੀ ਦੇ ਮੁੱਦੇ 'ਤੇ ਤਰਨ ਚੁੱਘ ਨੇ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਪਰਾਲੀ ਦੇ ਖਾਤਮੇ ਲਈ ਇੱਕ ਰਸਾਇਣਕ ਘੋਲ ਦਾ ਜ਼ਿਕਰ ਕੀਤਾ ਸੀ, ਜੋ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਵੀਆਈਪੀ ਕਲਚਰ ਦਾ ਵਿਰੋਧ ਕਰਨ ਵਾਲੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸਭ ਤੋਂ ਵੱਧ ਮਹਿੰਗੇ ਘਰਾਂ ਵਿੱਚ ਰਹਿ ਰਹੇ ਹਨ। ਅਰਵਿੰਦ ਕੇਜਰੀਵਾਲ ਦੇ ਘਰ ਵਿੱਚ 100 ਤੋਂ ਵੱਧ ਏਸੀ ਲੱਗੇ ਹਨ। ਵੱਖ-ਵੱਖ ਦੇਸ਼ਾਂ ਤੋਂ ਸਾਜੋ ਸਮਾਨ ਲਿਆ ਕੇ ਉਨ੍ਹਾਂ ਦੀ ਕੋਠੀ ਵਿੱਚ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਡੀਏਪੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਪੰਰਤੂ ਸੂਬਾ ਸਰਕਾਰ ਇਸ ਵਿੱਚ ਅਗਾਊਂ ਪ੍ਰਬੰਧ ਕਰਨ ਵਿੱਚ ਨਾਕਾਮ ਰਹੀ ਹੈ।

ABOUT THE AUTHOR

...view details