ਬਰਨਾਲਾ: ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਸਵੇਰ ਤੋਂ ਵੋਟਿੰਗ ਪ੍ਰਕਿਰਿਆ ਜਾਰੀ ਹੈ ਪ੍ਰੰਤੂ ਬਰਨਾਲਾ ਦੇ ਵੋਟਰਾਂ ਵਿੱਚ ਜ਼ਿਮਨੀ ਚੋਣ ਲਈ ਬਹੁਤਾ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ। 1 ਵਜੇ ਤੱਕ ਬਰਨਾਲਾ ਵਿੱਚ ਸਿਰਫ਼ 28 ਫ਼ੀਸਦੀ ਵੋਟ ਹੀ ਪੋਲ ਹੋਈ ਹੈ। ਸਾਰੀਆਂ ਪਾਰਟੀਆਂ ਵੱਲੋਂ ਜ਼ਿਮਨੀ ਚੋਣ ਲਈ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਅੱਜ ਸਵੇਰ ਸਮੇਂ ਹੀ ਸਾਰੇ ਉਮੀਦਵਾਰਾਂ ਨੇ ਆਪਣੀ ਵੋਟ ਭੁਗਤਾਈ। ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ, ਆਪ ਤੋਂ ਬਾਗੀ ਅਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਐੱਸਡੀ ਕਾਲਜ ਦੇ ਪੋਲਿੰਗ ਬੂਥਾਂ ਉੱਤੇ ਆਪਣੇ ਪਰਿਵਾਰਾਂ ਸਮੇਤ ਵੋਟ ਪਾਈ। ਜਦਕਿ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਬੀਡੀਪੀਓ ਦਫ਼ਤਰ ਵਿੱਚ ਵੋਟ ਪਾਈ ਹੈ।
ਵਿਕਾਸ ਦੇ ਨਾਮ 'ਤੇ ਮੰਗੀ ਵੋਟ
ਇਸ ਮੌਕੇ ਗੱਲਬਾਤ ਕਰਦਿਆਂ ਆਪ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਬਹੁਤ ਵਧੀਆ ਰੁਝਾਨ ਹੈ। ਆਮ ਆਦਮੀ ਪਾਰਟੀ ਨੇ ਢਾਈ ਸਾਲ ਦੌਰਾਨ ਕੀਤੇ ਵਿਕਾਸ ਦੇ ਨਾਮ ਉੱਤੇ ਵੋਟ ਮੰਗੀ ਹੈ। ਬਰਨਾਲਾ ਹਲਕੇ ਵਿੱਚ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਨਾਲ ਵੱਡੇ ਪੱਧਰ ਉੱਤੇ ਵਿਕਾਸ ਕੀਤਾ ਹੈ। ਲੋਕਾਂ ਦੀ ਅਵਾਜ਼ ਵੀ ਸਰਕਾਰ ਦੇ ਹੱਕ ਵਿੱਚ ਹੈ ਕਿਉਂਕਿ ਸਰਕਾਰ ਦੇ ਅਜੇ ਤੱਕ ਢਾਈ ਸਾਲ ਬਾਕੀ ਹਨ। ਉਹਨਾਂ ਕਿਹਾ ਕਿ ਆਪ ਉਮੀਦਵਾਰ ਹਰਿੰਦਰ ਧਾਲੀਵਾਲ ਨੇ ਹਮੇਸ਼ਾ ਉਹਨਾਂ ਦੇ ਨਾਲ ਅੱਗੇ ਹੋ ਕੇ ਚੋਣ ਮੁਹਿੰਮ ਵਿੱਚ ਕੰਮ ਕੀਤਾ ਹੈ ਅਤੇ ਇਸ ਵਾਰ ਉਹ ਹਰਿੰਦਰ ਧਾਲੀਵਾਲ ਨੂੰ ਜਿਤਾ ਕੇ ਉਲਾਂਭਾ ਲਾਹ ਦੇਣਗੇ।