ਲੁਧਿਆਣਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਗਿਆ ਸੀ ਕਿ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਖਰੇ ਪ੍ਰਧਾਨ ਦੀ ਲੋੜ ਹੈ। ਲੁਧਿਆਣਾ ਦੇ ਸਿਆਸੀ ਮਾਹਿਰ ਐਡਵੋਕੇਟ ਕੋਮਲ ਗੁਰਨੂਰ ਨੇ ਕਿਹਾ ਕਿ ਸੀਐਮ ਹੋਣ ਕਰਕੇ ਉਨ੍ਹਾਂ ਕੋਲ ਕਈ ਵਿਭਾਗ ਹਨ। ਜਿਸ ਕਰਕੇ ਉਹ ਪੰਜਾਬ ਪ੍ਰਧਾਨ ਦੇ ਅਹੁਦੇ ਵਜੋਂ ਉਨ੍ਹਾਂ ਸਮਾਂ ਨਹੀਂ ਦੇ ਪਾਉਂਦੇ। ਇਸ ਕਰਕੇ ਉਹ ਚਾਹੁੰਦੇ ਹਨ ਕਿ ਪੰਜਾਬ ਆਮ ਆਦਮੀ ਪਾਰਟੀ ਦਾ ਵੱਖਰਾ ਪ੍ਰਧਾਨ ਨਿਯੁਕਤ ਕੀਤਾ ਜਾਵੇ। ਇਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਚਰਚਾਵਾਂ ਵੀ ਤੇਜ਼ ਹੋ ਗਈਆਂ ਕਿ ਆਖਿਰਕਾਰ ਪੰਜਾਬ 'ਆਪ' ਦਾ ਨਵਾਂ ਪ੍ਰਧਾਨ ਕੌਣ ਹੋਵੇਗਾ।
ਕਿਸੇ ਹਿੰਦੂ ਚਿਹਰੇ ਨੂੰ ਲਗਾਇਆ ਜਾ ਸਕਦਾ ਹੈ ਪੰਜਾਬ ਪ੍ਰਧਾਨ
ਗੁਰਨੂਰ ਸਿਆਸੀ ਮਾਹਿਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰ ਇਸ ਦੌੜ ਦੇ ਵਿੱਚ ਸ਼ਾਮਿਲ ਹਨ ਪਰ ਸਭ ਤੋਂ ਪਹਿਲਾਂ ਜੇਕਰ ਸੀਨੀਅਰ ਆਗੂ ਦੇ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਅਮਨ ਅਰੋੜਾ ਪੰਜਾਬ ਕੈਬਿਨਟ ਮੰਤਰੀ ਅਤੇ ਨਾਲ ਹੀ ਹਰਪਾਲ ਚੀਮਾ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਅਮਨ ਅਰੋੜਾ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਹਨ। ਸੀਐਮ ਮਾਨ ਖੁਦ ਜੱਟ ਪਰਿਵਾਰ ਤੋਂ ਹਨ। ਇਸ ਕਰਕੇ ਹੁਣ ਪ੍ਰਧਾਨ ਕਿਸੇ ਹਿੰਦੂ ਚਿਹਰੇ ਨੂੰ ਲਗਾਇਆ ਜਾ ਸਕਦਾ ਹੈ।
ਪ੍ਰਧਾਨਗੀ ਦੇ ਅਹੁਦੇ ਦੇ ਲਈ ਕਿਆਸ ਤੇਜ਼
ਦੂਜੇ ਪਾਸੇ ਹਰਪਾਲ ਚੀਮਾ ਜੋ ਕਿ ਮੌਜੂਦਾ ਵਿੱਤ ਮੰਤਰੀ ਹਨ ਉਹ ਵੀ ਪਾਰਟੀ ਵਿੱਚ ਕਾਫੀ ਸੀਨੀਅਰ ਹਨ ਨਾਲ ਹੀ ਉਹ ਦਲਿਤ ਭਾਈਚਾਰੇ ਦੀ ਅਗਵਾਈ ਪੰਜਾਬ ਵਿੱਚ ਕਰਦੇ ਹਨ। ਇਸ ਕਰਕੇ ਮੰਨਿਆ ਜਾ ਸਕਦਾ ਹੈ ਕਿ ਉਹ ਵੀ ਦੌੜ ਦੇ ਵਿੱਚ ਸ਼ਾਮਿਲ ਹਨ, ਦੋਵੇਂ ਹੀ ਪਾਰਟੀ ਦੇ ਸੀਨੀਅਰ ਲੀਡਰ ਹਨ। ਹਾਲਾਂਕਿ ਇਸ ਵਕਤ ਪੰਜਾਬ ਆਪ ਦੇ ਕਾਰਜਕਾਰੀ ਪ੍ਰਧਾਨ ਹਨ ਪਰ ਪ੍ਰਧਾਨਗੀ ਦੇ ਅਹੁਦੇ ਦੇ ਲਈ ਹੁਣ ਕਿਆਸ ਤੇਜ਼ ਹੋ ਗਏ ਹਨ। ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਹੈ। ਉਸ ਤੋਂ ਬਾਅਦ ਪ੍ਰਧਾਨਗੀ ਦੇ ਨਾਂ 'ਤੇ ਮੋਹਰ ਲੱਗ ਜਾਵੇਗੀ।