ਬਰਨਾਲਾ:ਜ਼ਿਮਨੀ ਚੋਣ ਦੇ ਆਖਰੀ ਦਿਨ ਪ੍ਰਚਾਰ ਖਤਮ ਹੋ ਗਿਆ, ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਵੱਲੋਂ ਮੈਂਬਰ ਪਾਰਲੀਮੈਂਟ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਡੋਰ ਟੂ ਡੋਰ ਕੰਪੇਨ ਕਰਕੇ ਵੋਟਾਂ ਮੰਗੀਆਂ ਗਈਆਂ। ਬਰਨਾਲਾ ਦੇ ਲੋਕਾਂ ਨੂੰ ਸਰਕਾਰ ਦੇ ਨੁਮਾਇੰਦੇ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਜਿੱਤ ਦਾ ਕੀਤਾ ਦਾਅਵਾ ਕੀਤਾ।
ਬਰਨਾਲਾ ਦੇ ਵਿਕਾਸ ਦਾ ਭਰੋਸਾ
ਇਸ ਮੌਕੇ ਹਰਿੰਦਰ ਸਿੰਘ ਧਾਲੀਵਾਲ ਅਤੇ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਬਰਨਾਲਾ ਹਲਕੇ ਵਿੱਚ ਰਿਕਾਰਡ ਤੋੜ ਕੰਮ ਹੋਏ ਹਨ ਅਤੇ ਆਉਂਦੇ ਢਾਈ ਸਾਲ ਹੋਰ ਵੀ ਵੱਡੇ ਕੰਮ ਹੋਣਗੇ। ਮੀਤ ਹੇਅਰ ਵੱਲੋਂ ਜਿੱਥੇ ਐਮਪੀ ਕੋਟੇ ਦੇ ਵੱਧ ਤੋਂ ਵੱਧ ਫੰਡ ਦੇਣ ਦਾ ਐਲਾਨ ਕੀਤਾ ਗਿਆ ਉੱਥੇ ਹਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਬਰਨਾਲਾ ਲਈ ਵਿਕਾਸ ਕਾਰਜ ਲਈ ਵੱਧ ਤੋਂ ਵੱਧ ਫੰਡ ਲਏ ਜਾਣਗੇ। ਮੀਤ ਹੇਅਰ ਨੇ ਕਿਹਾ ਕਿ ਵਿਕਾਸ ਦੀ ਰਫ਼ਤਾਰ ਜਾਰੀ ਰੱਖਣ ਲਈ ਹਰਿੰਦਰ ਸਿੰਘ ਧਾਲੀਵਾਲ ਨੂੰ ਵੱਡੇ ਫਰਕ ਨਾਲ ਜਿਤਾਈਏ। ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਹਲਕੇ ਦੀ ਬਿਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ।
ਮੀਤ ਹੇਅਰ ਨੇ ਬਰਨਾਲਾ ਤੋਂ ਜ਼ਿਮਨੀ ਚੋਣ ਪ੍ਰਚਾਰ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਕਿਹਾ ਕਿ ਬਰਨਾਲਾ ਵਾਸੀਆਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਦੇ ਉਹ ਤਹਿ ਦਿਲੋਂ ਸ਼ੁਕਰਗੁਜ਼ਾਰ ਰਹਿਣਗੇ। ਉਹਨਾਂ ਕਿਹਾ ਕਿ ਇਸ ਦੌਰਾਨ ਬਰਨਾਲਾ ਵਾਸੀਆਂ ਨੇ ਉਹਨਾਂ ਨੂੰ ਤੇ ਇੱਥੋਂ ਐਲਾਨੇ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਜੋ ਭਰਵਾਂ ਹੁੰਗਾਰਾ ਦਿੱਤਾ ਉਸ ਨੇ ਉਹਨਾਂ ਦੀ ਹਿੰਮਤ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਤੇ ਯਕੀਨਨ 20 ਨਵੰਬਰ ਨੂੰ ਉਹਨਾਂ ਦੇ ਹੱਕ ਵਿੱਚ ਹੀ ਵੋਟਾਂ ਪੈਣਗੀਆਂ।
ਕਾਂਗਰਸੀ ਦਿੱਗਜਾਂ ਨੇ ਵੀ ਕੀਤਾ ਪ੍ਰਚਾਰ
ਦੂਜੇ ਪਾਸੇ ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਚਾਰ ਦੇ ਅਖ਼ੀਰਲੇ ਦਿਨ ਸੋਮਵਾਰ ਨੂੰ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਪੈਦਲ ਮਾਰਚ ਕੱਢਿਆ ਗਿਆ। ਜਿਸ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਉੱਚੇਚੇ ਤੌਰ ’ਤੇ ਸ਼ਿਰਕਤ ਕੀਤੀ ਗਈ। 1
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੈਦਲ ਮਾਰਚ ਲਈ ਹਜ਼ਾਰਾਂ ਦੀ ਗਿਣਤੀ ’ਚ ਆਪ ਮੁਹਾਰੇ ਜੁੜੇ ਲੋਕਾਂ ਦੇ ਇਕੱਠ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਰਨਾਲਾ ਸੀਟ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਰਹੀ ਹੈ। ‘ਆਪ’ ਸਰਕਾਰ ’ਤੇ ਵਰ੍ਹਦਿਆਂ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਕਾਰਜਕਾਲ ’ਚ ਪੰਜਾਬ ’ਚ ਠੰਡ ਹੋਣ ਦੇ ਬਾਵਜੂਦ ਬਿਜਲੀ ਦੇ ਕੱਟ ਲੱਗ ਰਹੇ ਹਨ। ਜਦ ਬਰਨਾਲੇ ਦੇ ਲੋਕ ਸਵੇਰੇ ਉੱਠਦੇ ਹਨ ਤਾਂ ਬਿਜਲੀ ਸਪਲਾਈ ਠੱਪ ਹੁੰਦੀ ਹੈ। ਇੱਥੇ ਹੀ ਬੱਸ ਨਹੀਂ ‘ਆਪ’ ਸਰਕਾਰ ਨੇ 92,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ, ਫਿਰ ਵੀ ਲੋਕਾਂ ਲਈ ਵਿਕਾਸ ਜਾਂ ਠੋਸ ਸੁਧਾਰ ਦੇ ਕੋਈ ਸੰਕੇਤ ਨਹੀਂ ਹਨ।