ਪੰਜਾਬ

punjab

ETV Bharat / politics

ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਬਰਨਾਲਾ ਦਾ ਭਾਈਚਾਰਾ ਬਣਿਆ ਮਿਸਾਲ, 29 ਸਰਪੰਚ ਅਤੇ 838 ਪੰਚ ਦੀ ਸਰਬਸੰਮਤੀ ਨਾਲ ਹੋਈ ਚੋਣ

ਪੰਚਾਇਤੀ ਚੋਣਾਂ ਦਰਮਿਆਨ ਬਰਨਾਲਾ ਵਿੱਚ ਲੋਕਾਂ ਨੇ ਆਪਸੀ ਭਾਈਚਾਰੇ ਦੀ ਮਿਸਾਲ ਦਿੰਦਿਆਂ 29 ਸਰਪੰਚ ਅਤੇ 838 ਪੰਚਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਹੈ।

By ETV Bharat Punjabi Team

Published : 5 hours ago

PANCHAYAT ELECTIONS
29 ਸਰਪੰਚ ਅਤੇ 838 ਪੰਚ ਦੀ ਸਰਬਸੰਮਤੀ ਨਾਲ ਹੋਈ ਚੋਣ (ETV BHARAT PUNJAB (ਰਿਪੋਟਰ,ਬਰਨਾਲਾ))

ਬਰਨਾਲਾ: ਪੰਚਾਇਤੀ ਚੋਣਾਂ ਨੂੰ ਲੈ ਕੇ ਬਰਨਾਲਾ ਜਿਲ੍ਹੇ ਵਿੱਚ ਨਾਂ ਵਾਪਸੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੰਚਾਇਤ ਚੋਣਾਂ ਲਈ ਸਰਪੰਚੀ ਲਈ 395 ਅਤੇ ਪੰਚੀ ਲਈ 934 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜ਼ਿਲ੍ਹੇ ਵਿਚ 29 ਸਰਪੰਚ ਅਤੇ 838 ਪੰਚ ਨਿਰਵਿਰੋਧ ਚੁਣੇ ਗਏ ਹਨ। ਸਰਪੰਚੀ ਲਈ ਨਾਮਜ਼ਦਗੀਆਂ ਭਰਨ ਵਾਲੇ 311 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਵਾਪਸ ਲਈ ਹੈ। ਇਸੇ ਤਰਾਂ ਪੰਚ ਦੇ ਅਹੁਦੇ ਲਈ 456 ਨਾਮਜ਼ਦਗੀਆਂ ਵਾਪਿਸ ਲਈਆਂ ਗਈਆਂ ਹਨ।


ਜ਼ਿਲ੍ਹੇ ਵਿੱਚ ਕੁੱਲ 175 ਪੰਚਾਇਤਾਂ


ਬਲਾਕ ਸ਼ਹਿਣਾ ਵਿੱਚ 18, ਬਲਾਕ ਬਰਨਾਲਾ ਵਿੱਚ 10, ਮਹਿਲ ਕਲਾਂ 1 ਤੇ ਕੁੱਲ 29 ਸਰਪੰਚ ਨਿਰਵਿਰੋਧ ਚੁਣੇ ਗਏ ਹਨ। ਬਲਾਕ ਸ਼ਹਿਣਾ ਵਿਚ 334, ਬਲਾਕ ਬਰਨਾਲਾ ਵਿਚ 336, ਬਲਾਕ ਮਹਿਲ ਕਲਾਂ ਵਿੱਚ 168 ਪੰਚ ਤੇ ਕੁੱਲ 838 ਪੰਚ ਬਿਨਾਂ ਮੁਕਾਬਲਾ ਚੁਣੇ ਗਏ ਹਨ। ਹੁਣ ਬਲਾਕ ਸ਼ਹਿਣਾ ਵਿੱਚ 122 ਸਰਪੰਚ ਤੇ 237 ਪੰਚ ਚੋਣ ਮੈਦਾਨ ਵਿੱਚ ਹਨ। ਬਲਾਕ ਬਰਨਾਲਾ ਵਿੱਚ 171 ਸਰਪੰਚ ਤੇ 394 ਪੰਚ ਚੋਣ ਮੈਦਾਨ ਵਿੱਚ ਹਨ। ਬਲਾਕ ਮਹਿਲ ਕਲਾਂ ਵਿੱਚ 102 ਸਰਪੰਚ ਅਤੇ 303 ਪੰਚ ਚੋਣ ਮੈਦਾਨ ਵਿੱਚ ਹਨ। ਕੁੱਲ 395 ਸਰਪੰਚ ਅਤੇ 934 ਪੰਚ ਚੋਣ ਮੈਦਾਨ ਵਿੱਚ ਹਨ। ਜ਼ਿਕਰਯੋਗ ਹੈ ਕਿ ਸ਼ਹਿਣਾ ਬਲਾਕ ਵਿੱਚ 67, ਬਲਾਕ ਬਰਨਾਲਾ ਵਿੱਚ 70 ਤੇ ਬਲਾਕ ਮਹਿਲ ਕਲਾਂ ਵਿੱਚ 38 ਪੰਚਾਇਤਾਂ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੁੱਲ 175 ਪੰਚਾਇਤਾਂ ਹਨ।


ਇੱਥੇ ਹੋਈ ਨਿਰਵਿਰੋਧ ਚੋਣ


ਬਲਾਕ ਬਰਨਾਲਾ ਦੇ ਪਿੰਡ ਅਤਰਗੜ, ਹਰੀਗੜ੍ਹ ਤੇ ਬਰਨਾਲਾ ਦਿਹਾਤੀ ਵਿੱਚ ਸਰਪੰਚਾਂ ਚੋਣ ਨਿਰਵਿਰੋਧ ਹੋਈ ਹੈ। ਬਲਾਕ ਬਰਨਾਲਾ ਦੇ ਜਿਹੜੇ ਪਿੰਡਾਂ ਵਿੱਚ ਸਰਪੰਚਾਂ ਸਮੇਤ ਗ੍ਰਾਮ ਪੰਚਾਇਤ ਦੀ ਚੋਣ ਨਿਰਵਿਰੋਧ ਹੋਈ ਹੈ, ਉਨ੍ਹਾਂ ਵਿੱਚ ਫਤਿਹਪੁਰ ਪਿੰਡੀ ਧਨੌਲਾ, ਪਿਰਥਾ ਪੱਤੀ ਧੂਰਕੋਟ, ਕੋਠੇ ਗੁਰੂ, ਭੂਰੇ, ਕੋਠੇ ਬਗੇਹਰ ਪੱਤੀ, ਕੋਠੇ ਗੋਬਿੰਦਪੁਰਾ, ਹਮੀਦੀ ਸ਼ਾਮਲ ਹਨ।
ਬਲਾਕ ਸ਼ਹਿਣਾ ਵਿੱਚ ਅਲਕੜਾ, ਮਝੂਕੇ, ਤਲਵੰਡੀ, ਦਰਾਜ, ਦਰਾਕਾ, ਤਾਜੋਕੇ, ਚੀਮਾ ਵਿੱਚ ਸਰਪੰਚ ਦੀ ਚੋਣ ਨਿਰਵਿਰੋਧ ਹੋਈ ਹੈ, ਜਦਕਿ ਪੱਤੀ ਵੀਰ ਸਿੰਘ, ਲੀਲੋ, ਸੰਧੂ ਕਲਾਂ, ਨਿੰਮ ਵਾਲਾ ਮੌੜ, ਪੱਤੀ ਜੈਦ ਬੋਏ, ਜੰਡਸਰ, ਧਰਮਪੁਰਾ, ਬੱਲੋਕੇ, ਜੈਤਾਸਰ, ਨਾਨਕਪੁਰਾ ਤੇ ਟੱਲੇਵਾਲ ਖੁਰਦ ਵਿੱਚ ਸਰਪੰਚਾਂ ਸਮੇਤ ਪੰਚਾਂ ਦੀ ਚੋਣ ਨਿਰਵਿਰੋਧ ਹੋਈ ਹੈ।


ਮਹਿਲ ਕਲਾਂ ਦੀਆਂ 38 ਵਿੱਚੋਂ ਕੇਵਲ ਇੱਕ ਪੰਚਾਇਤ 'ਚ ਹੋਈ ਸਰਬਸੰਮਤੀ

ਬਲਾਕ ਮਹਿਲ ਕਲਾਂ ਦੀਆਂ 38 ਵਿੱਚੋਂ ਕੇਵਲ ਇੱਕ ਪੰਚਾਇਤ ਹੀ ਸਰਬਸੰਮਤੀ ਨਾਲ ਚੁਣੀ ਗਈ ਹੈ। ਜਦਕਿ ਬਾਕੀ ਪਿੰਡਾਂ ਵਿੱਚ ਇਹ ਚੋਣ ਵੋਟਾਂ ਨਾਲ ਨੇਪਰੇ ਚੜ੍ਹੇਗੀ। ਬਲਾਕ ਦੇ ਪਿੰਡ ਮੂੰਮ ਵਿੱਚ ਸਰਪੰਚ ਲਖਵੀਰ ਸਿੰਘ ਅਤੇ 9 ਵਾਰਡਾਂ ਦੇ ਪੰਚ ਪਿੰਡ ਵਾਸੀਆਂ ਨੇ ਰਜ਼ਾਮੰਦੀ ਨਾਲ ਚੁਣੇ ਲਏ ਹਨ। ਇਸਤੋਂ ਪਹਿਲਾਂ ਪਿੰਡ ਦੇ ਵਾਰਡ ਨੰਬਰ 1 ਵਿੱਚ ਦੋ ਜਣਿਆਂ ਵਲੋਂ ਕਾਗਜ਼ ਦਾਖ਼ਲ ਕੀਤੇ ਗਏ ਸਨ। ਪਿੰਡ ਦੇ ਸਾਬਕਾ ਏਐਸਆਈ ਮਲਕੀਤ ਸਿੰਘ ਦੀ ਪ੍ਰੇਰਣਾ ਸਦਕਾ ਇੱਕ ਉਮੀਦਵਾਰ ਨੇ ਆਪਣੇ ਕਾਗਜ਼ ਵਾਪਸ ਲੈ ਲਏ, ਜਿਸ ਨਾਲ ਸਾਰੀ ਪੰਚਾਇਤ ਦੀ ਹੀ ਸਰਬਸੰਮਤੀ ਹੋ ਗਈ। ਜਿਸ ਨਾਲ ਸਮੁੱਚੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਹੈ। ਉਥੇ ਏਐਸਆਈ ਮਲਕੀਤ ਸਿੰਘ ਨੇ ਇੱਕ ਲੱਖ ਰੁਪਈਆ ਫ਼ੰਡ ਵੀ ਨਵੀਂ ਪੰਚਾਇਤ ਨੂੰ ਵਿਕਾਸ ਲਈ ਦਿੱਤਾ ਹੈ। ਅੱਜ ਪਿੰਡ ਵਾਸੀਆਂ ਵਲੋਂ ਸਮੁੱਚੀ ਚੁਣੀ ਗਈ ਪੰਚਾਇਤ ਦਾ ਸਨਮਾਨ ਵੀ ਕੀਤਾ ਗਿਆ। ਇਸਤੋਂ ਇਲਾਵਾ ਮਹਿਲ ਕਲਾਂ ਬਲਾਕ ਦੀਆਂ 38 ਪੰਚਾਇਤਾਂ ਵਿੱਚ 168 ਪੰਚ ਨਿਰਵਿਰੋਧ ਚੁਣੇ ਗਏ ਹਨ। ਇਹਨਾਂ ਵਿੱਚੋਂ ਕੁੱਝ ਪੰਚ ਸਰਬਸੰਮਤੀ ਅਤੇ ਕੁੱਝ ਪੰਚ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਚੁਣੇ ਗਏ ਹਨ। ਹੁਣ ਬਲਾਕ ਮਹਿਲ ਕਲਾਂ ਦੀਆਂ ਪੰਚਾਇਤਾਂ ਲਈ 102 ਸਰਪੰਚ ਅਤੇ 303 ਪੰਚ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਹਨਾਂ ਵਲੋਂ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ।

ABOUT THE AUTHOR

...view details