ਵਾਸ਼ਿੰਗਟਨ:ਅਮਰੀਕਾ ਵਿਚ ਮੁਸਲਿਮ ਨੇਤਾਵਾਂ ਦਾ ਇਕ ਵਰਗ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਨਾਰਾਜ਼ ਹੋ ਗਿਆ ਹੈ। ਇਹ ਉਹ ਮੁਸਲਿਮ ਨੇਤਾ ਹਨ, ਜਿਨ੍ਹਾਂ ਨੇ ਹਾਲੀਆ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੇ ਸਮਰਥਨ 'ਚ ਵੋਟਿੰਗ ਕੀਤੀ ਸੀ। ਉਨ੍ਹਾਂ ਦੀ ਨਾਰਾਜ਼ਗੀ ਦਾ ਕਾਰਨ ਟਰੰਪ ਵੱਲੋਂ ਇਜ਼ਰਾਈਲ ਸਮਰਥਿਤ ਮੰਤਰੀਆਂ ਅਤੇ ਰਾਜਦੂਤਾਂ ਦੀ ਨਿਯੁਕਤੀ ਕਰਨਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਗਾਜ਼ਾ ਅਤੇ ਲੇਬਨਾਨ 'ਤੇ ਇਜ਼ਰਾਈਲ ਦੇ ਹਮਲਿਆਂ ਲਈ ਬਾਈਡਨ ਪ੍ਰਸ਼ਾਸਨ ਦੇ ਸਮਰਥਨ ਦੇ ਵਿਰੋਧ ਵਿੱਚ ਡੋਨਾਲਡ ਟਰੰਪ ਦਾ ਸਮਰਥਨ ਕਰਨ ਵਾਲੇ ਮੁਸਲਿਮ ਨੇਤਾ ਅਤੇ ਵੋਟਰ ਉਨ੍ਹਾਂ ਦੀ ਕੈਬਨਿਟ ਦੀ ਚੋਣ ਤੋਂ ਬਹੁਤ ਨਿਰਾਸ਼ ਹਨ।
ਰਿਪੋਰਟ ਮੁਤਾਬਕ ਫਿਲਾਡੇਲਫੀਆ ਦੇ ਨਿਵੇਸ਼ਕ ਰਬੀਉਲ ਚੌਧਰੀ ਨੇ ਕਿਹਾ ਕਿ ਟਰੰਪ ਸਾਡੇ ਕਾਰਨ ਜਿੱਤੇ ਹਨ ਅਤੇ ਅਸੀਂ ਵਿਦੇਸ਼ ਮੰਤਰੀ ਅਤੇ ਹੋਰ ਲੋਕਾਂ ਦੇ ਅਹੁਦੇ ਲਈ ਉਨ੍ਹਾਂ ਦੀ ਚੋਣ ਤੋਂ ਖੁਸ਼ ਨਹੀਂ ਹਾਂ। ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਟਰੰਪ ਲਈ ਮੁਸਲਿਮ ਸਮਰਥਨ ਨੇ ਉਨ੍ਹਾਂ ਨੂੰ ਮਿਸ਼ੀਗਨ ਵਿੱਚ ਜਿੱਤਣ ਵਿੱਚ ਮਦਦ ਕੀਤੀ। ਉਨ੍ਹਾਂ ਨੇ ਹੋਰਨਾਂ ਰਾਜਾਂ ਵਿੱਚ ਵੀ ਜਿੱਤ ਵਿੱਚ ਯੋਗਦਾਨ ਪਾਇਆ।
ਮੁਸਲਿਮ ਨੇਤਾਵਾਂ ਦਾ ਕਹਿਣਾ ਹੈ ਕਿ ਟਰੰਪ ਨੇ ਵਿਦੇਸ਼ ਮੰਤਰੀ ਦੇ ਅਹੁਦੇ ਲਈ ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਨੂੰ ਚੁਣਿਆ ਹੈ। ਮਾਰਕੋ ਰੂਬੀਓ ਇਜ਼ਰਾਈਲ ਦਾ ਕੱਟੜ ਸਮਰਥਕ ਹੈ। ਇਸ ਸਾਲ ਦੀ ਸ਼ੁਰੂਆਤ 'ਚ ਰੂਬੀਓ ਨੇ ਕਿਹਾ ਸੀ ਕਿ ਉਹ ਗਾਜ਼ਾ 'ਚ ਜੰਗਬੰਦੀ ਦਾ ਸੱਦਾ ਨਹੀਂ ਦੇਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਨੂੰ ਹਮਾਸ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਹਮਾਸ ਲਈ ਅਣਮਨੁੱਖੀ ਸ਼ਬਦਾਂ ਦੀ ਵਰਤੋਂ ਕੀਤੀ।