ਬ੍ਰਿਟੇਨ:ਬਰਤਾਨੀਆ ਵਿੱਚ 4 ਜੁਲਾਈ 2024 ਨੂੰ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਆ ਗਏ ਹਨ। ਬੀਤੇ ਦਿਨ ਬ੍ਰਿਟੇਨ 'ਚ ਹੋਈਆਂ ਚੋਣਾਂ ਨੇ ਕਈ ਇਤਿਹਾਸ ਰਚੇ ਹਨ। ਇਹਨਾਂ ਵਿੱਚ ਜਿੱਥੇ ਲੇਬਰ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ, ਉੱਥੇ ਹੀ ਵੱਡੀ ਦਿਲਚਸਪ ਗੱਲ ਇਹ ਹੈ ਕਿ ਚੁਣੇ ਗਏ ਮੈਂਬਰਾਂ 'ਚ 10 ਸਿੱਖ ਚਿਹਰਿਆਂ ਨੇ ਵੀ ਆਪਣਾ ਨਾਮ ਦਰਜ ਕਰਵਾਇਆ ਹੈ। ਯੂਕੇ ਦੀਆਂ ਚੋਣਾਂ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਸਿੱਖ ਚਿਹਰੇ ਸੰਸਦ ਲਈ ਚੁਣੇ ਗਏ ਹੋਣ।
ਤੀਜੇ ਸਥਾਨ 'ਤੇ ਖਿਸਕ ਗਈ ਕੰਜ਼ਰਵੇਟਿਵ ਪਾਰਟੀ : ਦੱਸਣਯੋਗ ਹੈ ਕਿ ਲੇਬਰ ਪਾਰਟੀ ਦੀ ਜਿੱਤ ਦਾ ਅੰਕੜਾ 410 ਤੱਕ ਪਹੁੰਚ ਗਿਆ ਹੈ। ਪਿਛਲੀਆਂ ਚੋਣਾਂ 'ਚ ਜਿੱਥੇ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ, ਉੱਥੇ ਹੀ ਇਸ ਵਾਰ ਕੰਜ਼ਰਵੇਟਿਵ ਪਾਰਟੀ ਕਈ ਸੀਟਾਂ 'ਤੇ ਤੀਜੇ ਸਥਾਨ 'ਤੇ ਖਿਸਕ ਗਈ ਹੈ। ਲੇਬਰ ਪਾਰਟੀ ਦੇ ਉਮੀਦਵਾਰ ਕੀਰ ਸਟਾਰਮਰ ਕਿੰਗ ਚਾਰਲਸ III ਨੂੰ ਮਿਲਣ ਤੋਂ ਬਾਅਦ ਅਧਿਕਾਰਤ ਤੌਰ 'ਤੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ।
ਇਹਨਾਂ ਸਿੱਖ ਚਿਹਰਿਆਂ ਨੇ ਰਚਿਆ ਇਤਿਹਾਸ: ਸਿੱਖ ਚਿਹਰਿਆਂ 'ਚ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਕਿਰਿਥ ਆਹਲੂਵਾਲੀਆ, ਹਰਪ੍ਰੀਤ ਕੌਰ ਉਪਲ, ਸਤਵੀਰ ਕੌਰ, ਵਰਿੰਦਰ ਜੱਸ, ਡਾਕਟਰ ਜੀਵਨ ਸੰਧਰ ਅਤੇ ਜਸ ਅਠਵਾਲ ਸ਼ਾਮਲ ਹਨ। ਦੱਸ ਦਈਏ ਕਿ ਪਿਛਲੀ ਯੂਕੇ ਸੰਸਦ ਵਿੱਚ ਜਦੋਂ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਸਨ ਤਾਂ ਭਾਰਤੀ ਮੂਲ ਦੇ 15 ਸੰਸਦ ਮੈਂਬਰ ਸਨ, ਜਿਨ੍ਹਾਂ ਵਿੱਚ ਲੇਬਰ ਪਾਰਟੀ ਦੇ ਅੱਠ ਅਤੇ ਕੰਜ਼ਰਵੇਟਿਵ ਪਾਰਟੀ ਦੇ ਸੱਤ ਮੈਂਬਰ ਸਨ। ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟੋਰੀ ਦੇ ਪਹਿਲੇ ਉਮੀਦਵਾਰ ਅਸ਼ਵੀਰ ਸੰਘਾ ਨੂੰ ਹਰਾਇਆ ਅਤੇ ਤਨਮਨਜੀਤ ਸਿੰਘ ਢੇਸੀ ਨੇ ਕ੍ਰਮਵਾਰ ਬਰਮਿੰਘਮ ਐਜਬੈਸਟਨ ਅਤੇ ਸਲੋਹ ਵਿੱਚ ਲੇਬਰ ਲਈ ਆਪਣੀਆਂ ਸੀਟਾਂ ਤੀਜੀ ਵਾਰ ਜਿੱਤੀਆਂ। ਨਾਦੀਆ ਵਿੱਟੋਮ, ਜੋ ਕਿ ਇੱਕ ਕੈਥੋਲਿਕ ਸਿੱਖ ਵਜੋਂ ਪਛਾਣ ਰਖਦੇ ਹਨ, ਉਹਨਾਂ ਨੇ ਨਾਟਿੰਘਮ ਈਸਟ ਤੋਂ ਲਗਾਤਾਰ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ। 23 ਸਾਲ ਦੀ ਉਮਰ ਵਿੱਚ, ਵਿੱਟੋਮ ਹਾਊਸ ਆਫ ਕਾਮਨਜ਼ ਵਿੱਚ ਸਭ ਤੋਂ ਘੱਟ ਉਮਰ ਦੀ ਐਮਪੀ ਸੀ ਜਦੋਂ ਉਹ 2019 ਵਿੱਚ ਪਹਿਲੀ ਵਾਰ ਚੁਣੀ ਗਈ ਸੀ।
ਜ਼ਿਕਰਯੋਗ ਹੈ ਕਿ ਜਿੱਥੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਰਿਸ਼ੀ ਸੁਨਕ ਨੇ ਹਾਰ ਸਵੀਕਾਰ ਕਰ ਲਈ ਉੱਥੇ ਹੀ ਉਹਨਾਂ ਸਟਾਰਮਰ ਨੂੰ ਵਧਾਈ ਦਿੱਤੀ। ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਦੱਸਣਯੋਗ ਹੈ ਕਿ ਰਿਸ਼ੀ ਸੁਨਕ ਨੇ ਆਪਣੀ ਸੀਟ ਤੋਂ ਚੋਣ ਜਿੱਤੀ ਹੈ।