ਗ੍ਰਾਮਾਡੋ: ਬ੍ਰਾਜ਼ੀਲ ਵਿੱਚ ਕ੍ਰਿਸਮਿਸ ਤੋਂ ਪਹਿਲਾਂ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਸੈਲਾਨੀਆਂ ਵਿੱਚ ਪ੍ਰਸਿੱਧ ਕਸਬੇ ਗ੍ਰਾਮਾਡੋ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੁਰੱਖਿਆ ਏਜੰਸੀ ਘਟਨਾ ਦੀ ਜਾਂਚ 'ਚ ਜੁਟੀ ਹੈ। ਦੱਖਣੀ ਬ੍ਰਾਜ਼ੀਲ ਦੇ ਗ੍ਰਾਮਾਡੋ ਸ਼ਹਿਰ 'ਚ ਐਤਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਬ੍ਰਾਜ਼ੀਲ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ਕਈ ਇਮਾਰਤਾਂ ਨਾਲ ਟਕਰਾ ਗਿਆ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਇਸ ਹਾਦਸੇ 'ਚ 12 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਉਡਾਣ ਭਰਨ ਤੋਂ ਕੁਝ ਸਮੇਂ 'ਚ ਹੀ ਹੋਇਆ ਕ੍ਰੈਸ਼
ਰੀਓ ਗ੍ਰਾਂਡੇ ਡੋ ਸੁਲ ਦੇ ਨਾਗਰਿਕ ਸੁਰੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਘੱਟੋ-ਘੱਟ 17 ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ ਕਈਆਂ ਨੂੰ ਟੱਕਰ ਕਾਰਨ ਲੱਗੀ ਅੱਗ ਦੇ ਧੂੰਏਂ ਦਾ ਸ਼ਿਕਾਰ ਹੋਣਾ ਪਿਆ ਹੈ। ਦੋ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵੇਂ ਬੁਰੀ ਤਰ੍ਹਾਂ ਸੜ ਗਏ ਹਨ। ਨੈਸ਼ਨਲ ਸਿਵਲ ਡਿਫੈਂਸ ਮੁਤਾਬਕ ਜਹਾਜ਼ ਦੇ ਸਥਾਨਕ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਹ ਹਾਦਸਾ ਵਾਪਰਿਆ। ਜਹਾਜ਼ ਪਹਿਲਾਂ ਇੱਕ ਇਮਾਰਤ ਦੀ ਚਿਮਨੀ ਨਾਲ ਟਕਰਾ ਗਿਆ, ਫਿਰ ਇੱਕ ਰਿਹਾਇਸ਼ੀ ਘਰ ਅਤੇ ਫਿਰ ਇੱਕ ਫਰਨੀਚਰ ਦੀ ਦੁਕਾਨ ਨਾਲ ਟਕਰਾ ਗਿਆ। ਸੀਐਨਐਨ ਦੀ ਰਿਪੋਰਟ ਮੁਤਾਬਕ ਹਾਦਸੇ ਦਾ ਮਲਬਾ ਇੱਕ ਸਰਾਏ ਵਿੱਚ ਵੀ ਡਿੱਗਿਆ।