ਪੰਜਾਬ

punjab

ETV Bharat / hukamnama

7 ਫੱਗਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

Daily Hukamnama: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

Daily Hukamnama Golden Temple 19 February 2024
ਅੱਜ ਦਾ ਹੁਕਮਨਾਮਾ

By ETV Bharat Punjabi Team

Published : Feb 19, 2024, 6:25 AM IST

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ:ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥ ਸੋਮਵਾਰ, ੭ ਫੱਗਣ (ਸੰਮਤ ੫੫੫ ਨਾਨਕਸ਼ਾਹੀ) ੧੯ ਫਰਵਰੀ, ੨੦੨੪ (ਅੰਗ: ੬੦੧)

ਅੱਜ ਦਾ ਹੁਕਮਨਾਮਾ

ਪੰਜਾਬੀ ਵਿਆਖਿਆ:ਸੋਰਠਿ ਮਹਲਾ ੩ ॥ ਹੇ ਪਿਆਰੇ ਪ੍ਰਭੂ ਜੀ! (ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ । ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇਕ ਪਲ-ਭਰ ਇਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ । ਹੇ ਭਾਈ! ਅਸੀ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ ।੧। ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼ । ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ ।ਰਹਾਉ। ਹੇ ਭਾਈ! ਅਸੀ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ । ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ । ਹੇ ਭਾਈ! ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ । ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ । ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ।੩। ਪਰ, ਹੇ ਭਾਈ! (ਜੀਵਾਂ ਦੇ ਭੀ ਕੀਹ ਵੱਸ?) ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ) । ਹੇ ਭਾਈ! ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ । ਹੇ ਨਾਨਕ! (ਆਖ—) ਹੇ ਭਾਈ! (ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤਿ ਦੇਣ ਜੋਗਾ ਨਹੀਂ ਹੈ ।੪।੪। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ABOUT THE AUTHOR

...view details