ਹੈਦਰਾਬਾਦ: ਜਿਗਰ ਸਾਡੇ ਸਰੀਰ ਦਾ ਜ਼ਰੂਰੀ ਅੰਗ ਹੈ। ਇਹ ਸਰੀਰ ਤੋਂ ਜ਼ਹਿਰੀਲੇ ਪਦਾਰਥਾ ਨੂੰ ਬਾਹਰ ਕੱਢਣ ਦੇ ਨਾਲ ਹੀ ਕਈ ਜ਼ਰੂਰੀ ਕੰਮ ਕਰਦਾ ਹੈ। ਹੈਪੇਟਾਈਟਸ ਜਿਗਰ ਨਾਲ ਜੁੜੀ ਇੱਕ ਗੰਭੀਰ ਬਿਮਾਰੀ ਹੈ। ਇਸ ਬਿਮਾਰੀ ਬਾਰੇ ਜਾਗਰੂਕਤਾ ਫਿਲਾਉਣ ਲਈ ਹਰ ਸਾਲ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ 28 ਜੁਲਾਈ ਨੂੰ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾ: ਬਾਰਚ ਬਲਮਬਰਗ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ।
ਕੀ ਹੈ ਹੈਪੇਟਾਈਟਸ?: ਹੈਪੇਟਾਈਟਸ ਜਿਗਰ 'ਚ ਹੋਣ ਵਾਲੀ ਸੋਜ ਹੈ, ਜੋ ਵਾਈਰਸ, ਸ਼ਰਾਬ ਦੇ ਸੇਵਨ, ਜ਼ਹਿਰੀਲੇ ਪਦਾਰਥਾਂ ਜਾਂ ਕੁਝ ਦਵਾਈਆਂ ਕਾਰਨ ਹੋ ਸਕਦੀ ਹੈ। ਹੈਪੇਟਾਈਟਸ ਕਈ ਪ੍ਰਕਾਰ ਦੇ ਹੁੰਦੇ ਹਨ, ਪਰ ਸਭ ਤੋਂ ਆਮ ਵਾਈਰਲ ਹੈਪੇਟਾਈਟਸ ਹੈ, ਜੋ ਇੱਕ ਵਿਸ਼ੇਸ਼ ਵਾਈਰਸ ਕਾਰਨ ਹੁੰਦਾ ਹੈ।
ਹੈਪੇਟਾਈਟਸ ਦੇ ਲੱਛਣ:ਹੈਪੇਟਾਈਟਸ ਦੇ ਲੱਛਣ ਪ੍ਰਕਾਰ ਅਤੇ ਗੰਭੀਰਤਾ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੇ ਹਨ। ਇਸਦੇ ਕੁਝ ਲੱਛਣ ਹੇਠ ਲਿਖੇ ਅਨੁਸਾਰ ਹਨ:-
- ਥਕਾਵਟ ਅਤੇ ਕੰਮਜ਼ੋਰੀ
- ਚਮੜੀ ਅਤੇ ਅੱਖਾਂ ਦਾ ਪੀਲਾ ਹੋਣਾ
- ਢਿੱਡ 'ਚ ਦਰਦ
- ਉਲਟੀ ਆਉਣਾ
- ਭੁੱਖ ਦੀ ਕਮੀ
- ਗਹਿਰੇ ਰੰਗ ਦਾ ਪਿਸ਼ਾਬ ਆਉਣਾ
- ਹਲਕੇ ਰੰਗ ਦਾ ਮਲ
- ਜੋੜਾਂ ਦਾ ਦਰਦ
- ਬੁਖਾਰ
ਵਿਸ਼ਵ ਹੈਪੇਟਾਈਟਸ ਦਿਵਸ ਦਾ ਇਤਿਹਾਸ: ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾ: ਬਾਰਚ ਬਲਮਬਰਗ ਨੇ ਹੈਪੇਟਾਈਟਸ B ਵਾਈਰਸ ਦੀ ਖੋਜ ਕਰਨ ਤੋਂ ਬਾਅਦ ਇਸ ਵਾਈਰਸ ਦੇ ਇਲਾਜ ਲਈ ਡਾਇਗਨੌਸਟਿਕ ਟੈਸਟ ਅਤੇ ਵੈਕਸੀਨ ਵਿਕਸਿਤ ਕੀਤੀ ਸੀ। ਡਾ ਬਲਮਬਰਗ ਦੀ ਇਸ ਖੋਜ ਦੇ ਸਨਮਾਨ ਵਿੱਚ ਹਰ ਸਾਲ ਉਨ੍ਹਾਂ ਦੇ ਜਨਮ ਦਿਨ ਮੌਕੇ 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ।
ਵਿਸ਼ਵ ਹੈਪੇਟਾਈਟਸ ਦਿਵਸ ਦਾ ਮਹੱਤਵ: ਹੈਪੇਟਾਈਟਸ ਇੱਕ ਅਜਿਹੀ ਬਿਮਾਰੀ ਹੈ, ਜਿਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਇਸ ਦਿਨ ਦਾ ਖਾਸ ਮਹੱਤਵ ਹੈ। ਦੁਨੀਆਂ ਭਰ 'ਚ ਕਈ ਲੋਕ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਜਿਗਰ ਨਾਲ ਜੁੜੀ ਇਸ ਬਿਮਾਰੀ ਕਾਰਨ ਜਾਨਲੇਵਾ ਖਤਰਾ ਵੀ ਹੋ ਸਕਦਾ ਹੈ। ਵਿਸ਼ਵ ਹੈਪੇਟਾਈਟਸ ਦਿਵਸ ਨੂੰ ਮਨਾਉਣ ਲਈ ਅੱਜ ਦੇ ਦਿਨ ਖਾਸ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।