ਹੈਦਰਾਬਾਦ:ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਕਾਜੂ ਨੂੰ ਖੁਰਾਕ 'ਚ ਸ਼ਾਮਲ ਕਰਨਾ ਫਾਇਦੇਮੰਦ ਹੋ ਸਕਦਾ ਹੈ। ਕਾਜੂ 'ਚ ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ, ਜ਼ਿੰਕ, ਆਈਰਨ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਕਾਜੂ ਖਾਣ ਨਾਲ ਸਰੀਰ ਦਾ ਮੈਟਾਬਾਲੀਜ਼ਮ ਸਹੀ ਰਹਿੰਦਾ ਹੈ ਅਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਫਾਇਦਿਆਂ ਤੋਂ ਇਲਾਵਾ ਜ਼ਿਆਦਾ ਕਾਜੂ ਖਾਣ ਦੇ ਨੁਕਸਾਨ ਵੀ ਹੋ ਸਕਦੇ ਹਨ।
ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਕਾਜੂ ਖਾਣ ਤੋਂ ਕਰਨ ਪਰਹੇਜ਼:
ਮਾਈਗ੍ਰੇਨ:ਸਿਰਦਰਦ ਅਤੇ ਮਾਈਗ੍ਰੇਨ ਤੋਂ ਪੀੜਿਤ ਲੋਕਾਂ ਨੂੰ ਕਾਜੂ ਦਾ ਜ਼ਿਆਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ 'ਚ ਮੌਜ਼ੂਦ ਅਮੀਨੋ ਐਸਿਡ ਸਿਰਦਰਦ ਅਤੇ ਮਾਈਗ੍ਰੇਨ ਦੇ ਦਰਦ ਨੂੰ ਵਧਾ ਸਕਦੇ ਹਨ।
ਗੈਸ:ਕਾਜੂ 'ਚ ਮੌਜ਼ੂਦ ਫਾਈਬਰ ਸਿਹਤ ਲਈ ਚੰਗਾ ਹੁੰਦਾ ਹੈ, ਪਰ ਜ਼ਿਆਦਾ ਫਾਈਬਰ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਅਤੇ ਤੁਸੀਂ ਗੈਸ ਵਰਗੀ ਸਮੱਸਿਆ ਦਾ ਸ਼ਿਕਾਰ ਬਣ ਸਕਦੇ ਹੋ। ਇਸ ਤੋਂ ਇਲਾਵਾ, ਜੇਕਰ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ, ਤਾਂ ਕਾਜੂ ਦਾ ਇਸਤੇਮਾਲ ਘੱਟ ਕਰੋ।
ਮੋਟਾਪਾ:ਅੱਜ ਦੇ ਸਮੇਂ 'ਚ ਲੋਕ ਭਾਰ ਵੱਧਣ ਵਰਗੀਆਂ ਸਮੱਸਿਆਵਾਂ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ। ਇਸ ਲਈ ਜੇਕਰ ਤੁਸੀਂ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਕਾਜੂ ਦਾ ਇਸਤੇਮਾਲ ਘੱਟ ਕਰੋ। ਇਸ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਤੁਹਾਡਾ ਭਾਰ ਵੱਧ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ: ਕਾਜੂ 'ਚ ਸੋਡੀਅਮ ਪਾਇਆ ਜਾਂਦਾ ਹੈ, ਜੋ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਿਤ ਹੋ, ਤਾਂ ਕਾਜੂ ਦਾ ਇਸਤੇਮਾਲ ਘੱਟ ਕਰੋ। ਜ਼ਰੂਰਤ ਤੋਂ ਜ਼ਿਆਦਾ ਕਾਜੂ ਖਾਣ ਨਾਲ ਸਰੀਰ 'ਚ ਸੋਡੀਅਮ ਦੀ ਮਾਤਰਾ ਵੱਧ ਸਕਦੀ ਹੈ, ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਐਲਰਜ਼ੀ: ਕਾਜੂ ਖਾਣ ਨਾਲ ਕਈ ਲੋਕਾਂ ਨੂੰ ਐਲਰਜ਼ੀ ਵੀ ਹੋ ਸਕਦੀ ਹੈ, ਜਿਸਦੇ ਚਲਦਿਆਂ ਉਲਟੀ, ਖੁਜਲੀ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਕਾਜੂ ਖਾਣ ਤੋਂ ਪਰਹੇਜ਼ ਕਰੋ।