ਹੈਦਰਾਬਾਦ: ਅੱਜ ਦੇ ਸਮੇਂ ’ਚ ਗੁਰਦੇ 'ਚ ਪੱਥਰੀ ਦੀ ਸਮੱਸਿਆ ਆਮ ਹੋ ਗਈ ਹੈ। ਪੱਥਰੀ ਦੀ ਸਮੱਸਿਆ ਗਲਤ ਖਾਣ ਪੀਣ ਕਾਰਨ ਹੁੰਦੀ ਹੈ। ਢਿੱਡ ਵਿੱਚ ਪੱਥਰੀ ਕਈ ਜਗ੍ਹਾਂ ਹੋ ਸਕਦੀ ਹੈ। ਪਰ ਗੁਰਦੇ ਵਿੱਚ ਪੱਥਰੀ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਨਾਲ ਦਰਦ ਬਹੁਤ ਜ਼ਿਆਦਾ ਹੁੰਦਾ ਹੈ। ਗੁਰਦੇ ’ਚ ਪੱਥਰੀ ਹੋਣ ’ਤੇ ਢਿੱਡ ਦੇ ਹੇਠਲੇ ਹਿੱਸੇ ਵਿੱਚ ਦਰਦ ਸਹਿਣਾ ਪੈਂਦਾ ਹੈ।
ਪੱਥਰੀ ਬਣਨ ਪਿੱਛੇ ਜ਼ਿੰਮੇਵਾਰ ਕਾਰਨ: ਇਸ ਸਬੰਧੀ ਅਸੀ ਸਿਵਿਲ ਹਸਪਤਾਲ ਬਠਿੰਡਾ ਵਿਖੇ ਤੈਨਾਤ ਸਰਜਰੀ ਦੀ ਮਾਹਿਰ ਡਾਕਟਰ ਸੋਫੀਆ ਗਰਗ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਪੱਥਰੀ ਪਿਸ਼ਾਬ ਵਿੱਚ ਪਾਏ ਜਾਣ ਵਾਲੇ ਕੈਲਸ਼ੀਅਮ ਅਤੇ ਆਕਸਾਲੇਟ ਕਾਰਨ ਬਣਦੀ ਹੈ। ਵੱਡੀ ਮਾਤਰਾ ਵਿੱਚ ਕੈਲਸ਼ੀਅਮ ਅਤੇ ਆਕਸਾਲੇਟ ਦੇ ਲੀਕ ਹੋਣ ਕਾਰਨ ਇਹ ਇੱਕ ਪੱਥਰ ਦਾ ਰੂਪ ਲੈ ਲੈਂਦੀ ਹੈ। ਪੱਥਰੀ ਅਸਾਧਾਰਨ ਸ਼ਕਲ ਦੀ ਵੀ ਹੋ ਸਕਦੀ ਹੈ। ਪਰ ਜੇਕਰ ਕਿਡਨੀ ਕੈਨਾਲ ਦੀਆਂ ਸ਼ਾਖਾਵਾਂ ਦੇ ਅੰਦਰ ਪੱਥਰੀ ਬਣਨਾ ਸ਼ੁਰੂ ਹੋ ਜਾਂਦੀ ਹੈ, ਤਾਂ ਇਸ ਨੂੰ ਸਟੈਗਹੋਰਨ ਕੈਲਕੂਲਸ ਕਿਹਾ ਜਾਂਦਾ ਹੈ। ਗੁਰਦੇ ਦੀ ਪੱਥਰੀ ਉਦੋਂ ਮੁਸੀਬਤ ਦਾ ਕਾਰਨ ਬਣ ਸਕਦੀ ਹੈ, ਜਦੋਂ ਇਹ ਕਿਡਨੀ ਤੋਂ ਬਲੈਡਰ ਰਾਹੀਂ ਪਿਸ਼ਾਬ ਲੈ ਕੇ ਜਾਣ ਵਾਲੀਆਂ ਦੋਵੇਂ ਨਲੀਆਂ ਵਿੱਚੋਂ ਕਿਸੇ ਇੱਕ ਦਾ ਰਸਤਾ ਰੋਕ ਦਿੰਦੀ ਹੈ।
ਜੇਕਰ ਅਜਿਹਾ ਹੁੰਦਾ ਹੈ, ਤਾਂ ਨਾ ਸਿਰਫ਼ ਵਿਅਕਤੀ ਨੂੰ ਪਿਸ਼ਾਬ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਸਗੋਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਵੀ ਗੰਭੀਰ ਦਰਦ ਹੋ ਸਕਦਾ ਹੈ। ਇਸ ਕਾਰਨ ਕਿਡਨੀ ਦੇ ਆਲੇ-ਦੁਆਲੇ ਪਿਸ਼ਾਬ ਜਮ੍ਹਾ ਹੋਣ ਲੱਗਦਾ ਹੈ ਜਾਂ ਫਿਰ ਇਨਫੈਕਸ਼ਨ ਹੋਣ ਲੱਗਦੀ ਹੈ। ਇਸ ਤੋਂ ਇਲਾਵਾ, ਗੁਰਦੇ ਦੀ ਪੱਥਰੀ ਵਾਂਗ ਗਾਲਸਟੋਨ ਪਿੱਤੇ ਦੀ ਥੈਲੀ ਵਿੱਚ ਇੱਕ ਤੰਗ ਥਾਂ ਵਿੱਚ ਚਲੀ ਜਾਂਦੀ ਹੈ, ਤਾਂ ਵੀ ਪੇਟ ਵਿੱਚ ਦਰਦ, ਲਾਗ ਅਤੇ ਪੀਲੀਆ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਸਰੀਰ ਦੇ ਵੱਖ-ਵੱਖ ਤਰਲ ਪਦਾਰਥਾਂ ਕਾਰਨ ਵੀ ਪੱਥਰੀ ਬਣ ਸਕਦੀ ਹੈ। ਜੇਕਰ ਪਿਸ਼ਾਬ 'ਚੋ ਖੂਨ ਆ ਰਿਹਾ ਹੈ, ਤਾਂ ਇਹ ਵੀ ਗੁਰਦੇ ਦੀ ਪੱਥਰੀ ਦੇ ਲੱਛਣ ਹਨ।