ਗਲਤ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ 'ਚੋ ਇੱਕ ਕਬਜ਼ ਦੀ ਸਮੱਸਿਆ ਵੀ ਹੈ। ਕਬਜ਼ ਦੀ ਸਮੱਸਿਆ ਕਾਰਨ ਫੁੱਲਿਆ ਹੋਇਆ ਪੇਟ, ਪੇਟ ਦਰਦ ਅਤੇ ਪਾਚਨ ਸਬੰਧੀ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਕਬਜ਼ ਦੇ ਪਿੱਛੇ ਸਿਰਫ਼ ਖੁਰਾਕ ਅਤੇ ਜੀਵਨਸ਼ੈਲੀ ਹੀ ਨਹੀਂ ਸਗੋਂ ਕੁਝ ਗਲਤ ਆਦਤਾਂ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਕਬਜ਼ ਦੀ ਸਮੱਸਿਆ ਪਿੱਛੇ ਕਿਹੜੇ ਕਾਰਨ ਅਤੇ ਆਦਤਾਂ ਜ਼ਿੰਮੇਵਾਰ ਹੋ ਸਕਦੀਆਂ ਹਨ। ਇਨ੍ਹਾਂ ਕਾਰਨਾਂ ਬਾਰੇ ਜਾਣ ਕੇ ਤੁਸੀਂ ਖੁਦ ਦੀਆਂ ਆਦਤਾਂ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।
ਕਬਜ਼ ਦੀ ਸਮੱਸਿਆ ਪਿੱਛੇ ਜ਼ਿੰਮੇਵਾਰ ਕਾਰਨ
ਘੱਟ ਫਾਈਬਰ ਵਾਲੀ ਖੁਰਾਕ: ਘੱਟ ਫਾਈਬਰ ਵਾਲੀ ਖੁਰਾਕ ਖਾਣ ਨਾਲ ਤੁਸੀਂ ਕਬਜ਼ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਇਸ ਕਾਰਨ ਤੁਹਾਡੀ ਪਾਚਨ ਕਿਰੀਆ ਹੌਲੀ ਹੋ ਸਕਦੀ ਹੈ। ਇਸ ਲਈ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਵਰਗੇ ਫਾਈਬਰ ਨਾਲ ਭਰਪੂਰ ਭੋਜਨ ਖਾਓ।
ਹਾਰਮੋਨਲ ਬਦਲਾਅ: ਪੀਰੀਅਡਸ, ਮੀਨੋਪੌਜ਼ ਜਾਂ ਥਾਇਰਾਇਡ ਅਸੰਤੁਲਨ ਦੌਰਾਨ ਹਾਰਮੋਨ ਤੁਹਾਡੇ ਅੰਤੜੀਆਂ ਦੀ ਸਿਹਤ ਨੂੰ ਵਿਗਾੜ ਸਕਦੇ ਹਨ। ਇਸ ਕਾਰਨ ਵੀ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਸਰਤ ਦੀ ਘਾਟ: ਅੱਜ ਦੇ ਸਮੇਂ 'ਚ ਲੋਕ ਸਾਰਾ ਦਿਨ ਬੈਠੇ ਰਹਿੰਦੇ ਹਨ ਅਤੇ ਕੋਈ ਸਰੀਰਕ ਕਸਰਤ ਨਹੀਂ ਕਰਦੇ। ਬਹੁਤ ਜ਼ਿਆਦਾ ਬੈਠਣ ਅਤੇ ਕਸਰਤ ਦੀ ਘਾਟ ਕਾਰਨ ਵੀ ਪਾਚਨ ਕਿਰੀਆ ਹੌਲੀ ਹੋ ਜਾਂਦੀ ਹੈ।