ਹੈਦਰਾਬਾਦ:ਬਲੈਕਹੈੱਡਸ ਦੀ ਸਮੱਸਿਆ ਹਰ ਕਿਸੇ ਨੂੰ ਪਰੇਸ਼ਾਨ ਕਰਦੀ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣਾ ਆਸਾਨ ਕੰਮ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਤੁਸੀਂ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰੋ, ਬਲੈਕਹੈੱਡਸ ਦੀ ਸਮੱਸਿਆ ਨੂੰ ਹਮੇਸ਼ਾ ਲਈ ਠੀਕ ਨਹੀਂ ਕੀਤਾ ਜਾ ਸਕਦਾ। ਕੁਝ ਸਾਵਧਾਨੀਆਂ ਅਤੇ ਤਰੀਕਿਆਂ ਨਾਲ ਇਨ੍ਹਾਂ ਦੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਬਲੈਕਹੈੱਡਸ ਨੂੰ ਠੀਕ ਕਰਨ ਲਈ ਬਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਕਰੀਮਾਂ ਉਪਲਬਧ ਹੁੰਦੀਆਂ ਹਨ, ਪਰ ਇਸ ਕਾਰਨ ਦਾਗ, ਇਨਫੈਕਸ਼ਨ ਅਤੇ ਜਲਣ ਵਰਗੀਆਂ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਬਲੈਕਹੈੱਡਸ ਕਿਉਂ ਹੁੰਦੇ ਹਨ?: ਬਲੈਕਹੈੱਡਸ ਕਾਲੇ ਧੱਬੇ ਹੁੰਦੇ ਹਨ। ਪਰ ਅਸਲ ਵਿੱਚ ਬਲੈਕਹੈੱਡਸ ਸਿਰਫ਼ ਅੱਖਾਂ ਦੇ ਹੇਠਾਂ ਨਹੀਂ ਹੁੰਦੇ ਸਗੋ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਹੁੰਦੇ ਹਨ। ਬਲੈਕਹੈੱਡਸ ਉਦੋਂ ਬਣਦੇ ਹਨ ਜਦੋਂ ਚਮੜੀ ਦੇ ਛੇਕ ਤੇਲ ਅਤੇ ਗੰਦਗੀ ਵਰਗੇ ਛੋਟੇ ਮਰੇ ਹੋਏ ਸੈੱਲਾਂ ਨਾਲ ਭਰ ਜਾਂਦੇ ਹਨ। ਇਹ ਆਕਸੀਡਾਈਜ਼ਡ ਹੋ ਜਾਂਦੇ ਹਨ ਅਤੇ ਬਾਹਰੀ ਹਵਾ ਦੇ ਸੰਪਰਕ ਵਿੱਚ ਆਉਣ ਕਾਰਨ ਕਾਲੇ ਦਿਖਾਈ ਦਿੰਦੇ ਹਨ।
ਬਲੈਕਹੈੱਡਸ ਕਿੱਥੇ ਬਣਦੇ ਹਨ?: ਬਲੈਕਹੈੱਡਸ ਉੱਥੇ ਬਣਦੇ ਹਨ, ਜਿੱਥੇ ਸਰੀਰ ਵਿੱਚ ਤੇਲ ਦਾ ਉਤਪਾਦਨ ਜ਼ਿਆਦਾ ਹੁੰਦਾ ਹੈ। ਜ਼ਿਆਦਾਤਰ ਬਲੈਕਹੈੱਡਸ ਨੱਕ ਅਤੇ ਠੋਡੀ ਦੇ ਆਲੇ-ਦੁਆਲੇ ਹੁੰਦੇ ਹਨ। ਇਸ ਦੇ ਨਾਲ ਹੀ ਮੱਥੇ, ਪਿੱਠ ਅਤੇ ਛਾਤੀ 'ਤੇ ਬਲੈਕ ਹੈਡਸ ਹੋ ਸਕਦੇ ਹਨ।
ਬਲੈਕਹੈੱਡਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਅੰਡਾ: ਬਲੈਕਹੈੱਡਸ ਤੋਂ ਛੁਟਕਾਰਾ ਪਾਉਣ ਲਈ ਅੰਡਾ ਫਾਇਦੇਮੰਦ ਹੋ ਸਕਦਾ ਹੈ। ਇਸ ਦੀ ਵਰਤੋ ਕਰਨ ਲਈ ਤੁਸੀਂ ਇੱਕ ਕਟੋਰੀ 'ਚ ਅੰਡਾ ਅਤੇ ਉਸ 'ਚ ਇੱਕ ਚਮਚ ਸ਼ਹਿਦ ਮਿਲਾ ਲਓ। ਹੁਣ ਇਸ ਮਿਸ਼ਰਨ ਨੂੰ ਬਲੈਕਹੈੱਡਸ ਵਾਲੀ ਜਗ੍ਹਾਂ 'ਤੇ ਲਗਾਓ ਅਤੇ 15 ਤੋਂ 20 ਮਿੰਟ ਤੱਕ ਸੁੱਕਣ ਦਿਓ। ਫਿਰ ਗਰਮ ਪਾਣੀ ਨਾਲ ਮੂੰਹ ਨੂੰ ਧੋ ਲਓ। ਇਸਨੂੰ ਹਫ਼ਤੇ 'ਚ ਦੋ ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ।
ਬੇਕਿੰਗ ਸੋਡਾ: ਬਲੈਕਹੈੱਡਸ ਤੋਂ ਰਾਹਤ ਪਾਉਣ ਲਈ ਬੇਕਿੰਗ ਸੋਡੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਚਮਚ ਬੇਕਿੰਗ ਸੋਡੇ 'ਚ ਦੋ ਚਮਚ ਪਾਣੀ ਦੇ ਮਿਲਾ ਕੇ ਪੇਸਟ ਬਣਾ ਲਓ ਅਤੇ ਫਿਰ ਇਸਨੂੰ ਬਲੈਕਹੈੱਡਸ 'ਤੇ ਲਗਾਓ। 10 ਤੋਂ 15 ਮਿੰਟ ਤੱਕ ਇਸਨੂੰ ਲਗਾ ਕੇ ਰੱਖੋ ਅਤੇ ਫਿਰ ਮੂੰਹ ਨੂੰ ਧੋ ਲਓ।
ਗ੍ਰੀਨ-ਟੀ: ਬਲੈਕਹੈੱਡਸ ਤੋਂ ਛੁਟਕਾਰਾ ਪਾਉਣ ਲਈ ਗ੍ਰੀਨ-ਟੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਇੱਕ ਚਮਚ ਗ੍ਰੀਨ-ਟੀ ਦੀਆਂ ਪੱਤੀਆਂ ਲਓ ਅਤੇ ਫਿਰ ਪਾਣੀ ਦੇ ਨਾਲ ਮਿਲਾ ਕੇ ਇਸਦਾ ਪੇਸਟ ਬਣਾ ਲਓ। ਇਸ ਮਿਸ਼ਰਨ ਨੂੰ ਚਿਹਰੇ 'ਤੇ ਲਗਾਉਣ ਦੇ 20 ਮਿੰਟ ਬਾਅਦ ਹਲਕੇ ਗਰਮ ਪਾਣੀ ਨਾਲ ਮੂੰਹ ਨੂੰ ਧੋ ਲਓ।
ਹਲਦੀ: ਹਲਦੀ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਬਲੈਕਹੈੱਡਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਹਲਦੀ 'ਚ ਨਾਰੀਅਲ ਦਾ ਤੇਲ ਮਿਲਾਓ ਅਤੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ 10-15 ਮਿੰਟ ਲਈ ਚਿਹਰੇ 'ਤੇ ਲਗਾ ਕੇ ਰੱਖੋ। ਇਸ ਤੋਂ ਬਾਅਦ ਮੂੰਹ ਨੂੰ ਧੋ ਲਓ। ਹਫ਼ਤੇ 'ਚ 2-3 ਵਾਰ ਅਜਿਹਾ ਕਰਕੇ ਤੁਸੀਂ ਬਲੈਕਹੈੱਡਸ ਤੋਂ ਛੁਟਕਾਰਾ ਪਾ ਸਕਦੇ ਹੋ।
ਨੋਟ: ਇਹ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਵਧੇਰੇ ਜਾਣਕਾਰੀ ਲਈ ਹਮੇਸ਼ਾਂ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।