ਹੈਦਰਾਬਾਦ: ਸਰੀਰ ਦੇ ਸਹੀ ਵਿਕਾਸ ਲਈ ਸਾਰੇ ਪੌਸ਼ਟਿਕ ਤੱਤਾਂ ਦਾ ਸਰੀਰ 'ਚ ਹੋਣਾ ਜ਼ਰੂਰੀ ਹੈ। ਇਹ ਸਾਰੇ ਪੌਸ਼ਟਿਕ ਤੱਤ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੇ ਹਨ। ਆਈਰਨ ਵੀ ਇਨ੍ਹਾਂ ਪੌਸ਼ਟਿਕ ਤੱਤਾਂ 'ਚੋ ਇੱਕ ਹੈ। ਇਸਦੀ ਕਮੀ ਨਾਲ ਸਰੀਰ ਹੋਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦਾ ਹੈ। ਆਈਰਨ ਇੱਕ ਮਿਨਰਲ ਹੈ, ਜੋ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਸਰੀਰ 'ਚ ਹੀਮੋਗਲੋਬਿਨ ਬਣਾਉਣ, ਕੁਝ ਹਾਰਮੋਨ ਬਣਾਉਣ ਲਈ ਆਈਰਨ ਦੀ ਲੋੜ ਹੁੰਦੀ ਹੈ। ਅਜਿਹੇ 'ਚ ਇਸਦੀ ਕਮੀ ਕਾਰਨ ਤੁਸੀਂ ਅਨੀਮੀਆ ਸਮੇਤ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਆਈਰਨ ਦੀ ਕਮੀ ਨੂੰ ਪੂਰਾ ਕਰਨ ਲਈ ਖੁਰਾਕ:
ਦਾਲ ਅਤੇ ਛੋਲੇ: ਆਈਰਨ ਦੀ ਕਮੀ ਨੂੰ ਪੂਰਾ ਕਰਨ ਲਈ ਦਾਲ ਅਤੇ ਛੋਲੇ ਵਰਗੇ ਬੀਨਜ਼ ਚੰਗਾ ਸਰੋਤ ਹੋ ਸਕਦੇ ਹਨ। ਇਨ੍ਹਾਂ ਨੂੰ ਵਿਟਾਮਿਨ-ਸੀ ਭਰਪੂਰ ਭੋਜਨਾਂ ਦੇ ਨਾਲ ਮਿਲਾ ਕੇ ਖਾਣ ਨਾਲ ਆਈਰਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਟੋਫੂ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਟੋਫੂ 'ਚ ਆਈਰਨ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ।
ਆਈਰਨ ਨਾਲ ਭਰਪੂਰ ਸਨੈਕਸ: ਸੌਗੀ ਅਤੇ ਆਲੂਬੁਖਾਰਾ 'ਚ ਆਈਰਨ ਪਾਇਆ ਜਾਂਦਾ ਹੈ। ਜੇਕਰ ਤੁਹਾਡੇ ਸਰੀਰ 'ਚ ਆਈਰਨ ਦੀ ਕਮੀ ਹੋ ਰਹੀ ਹੈ, ਤਾਂ ਇਸਨੂੰ ਵਧਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਸੁੱਕੇ ਮੇਵੇ ਸ਼ਾਮਲ ਕਰ ਸਕਦੇ ਹੋ।