ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਵਿਹੜਾ ਆਉਣ ਵਾਲੇ ਦਿਨਾਂ ਵਿੱਚ ਕਈ ਬਿਹਤਰੀਨ ਅਤੇ ਮਿਆਰੀ ਪੰਜਾਬੀ ਫਿਲਮਾਂ ਨਾਲ ਰੋਸ਼ਨਾਉਣ ਜਾ ਰਿਹਾ ਹੈ, ਜਿਸ ਦੇ ਹੀ ਮੱਦੇਨਜ਼ਰ ਸਾਹਮਣੇ ਆਉਣ ਜਾ ਰਹੀ ਹੈ ਅਰਥ-ਭਰਪੂਰ ਪੰਜਾਬੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ', ਜਿਸ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ।
'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਦੇ ਬੈਨਰ ਅਧੀਨ ਬਣਾਈ ਗਈ ਉਕਤ ਫਿਲਮ ਦਾ ਲੇਖਨ-ਨਿਰਦੇਸ਼ਨ ਅਤੇ ਨਿਰਮਾਣ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲੱਗ ਹੱਟ ਕੇ ਬਣਾਈ ਗਈ ਇਸ ਪਰਿਵਾਰਕ-ਡਰਾਮਾ ਫਿਲਮ ਵਿੱਚ ਪੁਰਾਤਨ ਪੰਜਾਬ, ਸਿੱਖੀ ਸੰਬੰਧਤ ਕਦਰਾਂ ਕੀਮਤਾਂ ਅਤੇ ਅਸਲ ਪੰਜਾਬੀ ਪਰੰਪਰਾਵਾਂ ਦੇ ਕਈ ਰੰਗ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਸੱਚ ਅਤੇ ਸਿਧਾਤਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦੀ ਇਸ ਫਿਲਮ ਦੀ ਜਿਆਦਾਤਾਰ ਸ਼ੂਟਿੰਗ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖਿੱਤੇ ਵਿੱਚ ਪੂਰੀ ਕੀਤੀ ਗਈ ਹੈ, ਜਿਸ ਤੋਂ ਇਲਾਵਾ ਕੁਝ ਵਿਸ਼ੇਸ਼ ਹਿੱਸੇ ਦਾ ਫਿਲਮਾਂਕਣ ਪੰਜਾਬ ਵਿੱਚ ਵੀ ਕੀਤਾ ਗਿਆ ਹੈ।
ਹਾਲੀਆ ਕਰੀਅਰ ਦੌਰਾਨ 'ਰੱਬ ਦਾ ਰੇਡੀਓ', 'ਦਾਣਾ ਪਾਣੀ' ਅਤੇ 'ਯੈਸ ਆਈ ਐਮ ਸਟੂਡੈਂਟ' ਜਿਹੀਆਂ ਕਈ ਚਰਚਿਤ ਅਤੇ ਸ਼ਾਨਦਾਰ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਪਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ, ਜਿੰਨ੍ਹਾਂ ਵੱਲੋਂ ਕੀਤੇ ਜਾ ਰਹੇ ਬਿਹਤਰੀਨ ਅਤੇ ਸੰਦੇਸ਼ਮਕ ਸਿਨੇਮਾ ਉਪਰਾਲਿਆਂ ਦੇ ਚੱਲਦਿਆਂ ਉਨ੍ਹਾਂ ਨੂੰ ਬੈਸਟ ਨਿਰਦੇਸ਼ਕ ਐਵਾਰਡ ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ।
ਪੰਜਾਬੀ ਸਿਨੇਮਾ ਦੇ ਕਈ ਉੱਚਕੋਟੀ ਅਤੇ ਮੰਝੇ ਹੋਏ ਨਿਰਦੇਸ਼ਕਾਂ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕੇ ਇਸ ਹੋਣਹਾਰ ਨਿਰਦੇਸ਼ਕ ਦੀ ਸਿਨੇਮਾ ਸਿਰਜਣਾ ਸਮਝ ਕਮਾਲ ਦੀ ਹੈ, ਜਿਸ ਦਾ ਇਜ਼ਹਾਰ ਉਨ੍ਹਾਂ ਦੀਆਂ ਹੁਣ ਤੱਕ ਰਿਲੀਜ਼ ਹੋਈਆਂ ਫਿਲਮਾਂ ਵੀ ਭਲੀਭਾਂਤ ਕਰਵਾ ਚੁੱਕੀਆਂ ਹਨ।
ਪੜਾਅ ਦਰ ਪੜਾਅ ਹੋਰ ਉੱਚ ਬੁਲੰਦੀਆਂ ਵੱਲ ਵੱਧ ਰਹੇ ਇਸ ਬਾਕਮਾਲ ਨਿਰਦੇਸ਼ਕ ਨੇ ਦੱਸਿਆ ਕਿ 22 ਜੁਲਾਈ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਵਿੱਚ ਦੇਵ ਖਰੌੜ, ਯੋਗਰਾਜ ਸਿੰਘ, ਸਰਬਜੀਤ ਚੀਮਾ, ਮੋਨਿਕਾ ਗਿੱਲ, ਕਿੰਮੀ ਵਰਮਾ, ਇਸ਼ਾ ਰਿਖੀ, ਹਰਜ ਨਾਗਰਾ, ਗੁਰਨਾਜ ਕੌਰ, ਹਰਬੀ ਸੰਘਾ, ਕਰਮਜੀਤ ਨੀਰੂ, ਨਗਿੰਦਰ ਗੱਖੜ, ਬਲਜਿੰਦਰ ਅਟਵਾਲ, ਸਰਿਤਾ ਤਿਵਾੜੀ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ।