Web Series Murde Lok:ਪੰਜਾਬੀ ਕਾਮੇਡੀ ਫਿਲਮਾਂ ਦੇ ਬਾਦਸ਼ਾਹ ਬਣ ਉਭਰੇ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਅੱਜਕੱਲ੍ਹ ਅਪਣੀ ਪੁਰਾਣੀ ਲੀਕ ਨੂੰ ਮਿਟਾ ਨਵੀਆਂ ਪੈੜ੍ਹਾਂ ਸਿਰਜਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵੱਲੋਂ ਕੁਝ ਅਲਹਦਾ ਕੋਸ਼ਿਸ਼ਾਂ ਕੀਤੇ ਜਾਣ ਦੀ ਜਾਰੀ ਕਵਾਇਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਐਲਾਨੀ ਗਈ ਪੰਜਾਬੀ ਵੈੱਬ ਸੀਰੀਜ਼ 'ਮੁਰਦੇ ਲੋਕ', ਜੋ ਜਲਦ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਹੈ।
ਗੁਰਚੇਤ ਚਿੱਤਰਕਾਰ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਚਰਚਿਤ ਪੰਜਾਬੀ ਵੈੱਬ ਸੀਰੀਜ਼ ਦਾ ਨਿਰਮਾਣ ਅਤੇ ਲੇਖਨ ਗੁਰਚੇਤ ਚਿੱਤਰਕਾਰ, ਜਦਕਿ ਨਿਰਦੇਸ਼ਨ ਬਿਕਰਮ ਗਿੱਲ ਕਰਨਗੇ, ਜੋ ਲਘੂ ਅਤੇ ਓਟੀਟੀ ਫਿਲਮਾਂ ਦੇ ਖੇਤਰ ਵਿੱਚ ਬਤੌਰ ਨਿਰਦੇਸ਼ਕ ਅਪਣਾ ਘੇਰਾ ਇੰਨੀਂ ਦਿਨੀਂ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ।
ਕਾਮੇਡੀ, ਹੌਰਰ ਅਤੇ ਸਸਪੈਂਸ ਕਹਾਣੀ ਸਾਰ ਅਧੀਨ ਬੁਣੀ ਜਾ ਰਹੀ ਉਕਤ ਵੈੱਬ ਸੀਰੀਜ਼ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਚੇਤ ਚਿੱਤਰਕਾਰ, ਰਾਜ ਧਾਲੀਵਾਲ, ਰਜਿੰਦਰ ਰੋਜ਼ੀ, ਕੁਲਬੀਰ ਮੁਸ਼ਕਾਬਾਦ, ਗੁਰਨਾਮ ਗਾਮਾ, ਕਮਲ ਰਾਜਪਾਲ, ਗੁਰਨਾਮ ਗਾਮਾ, ਕੁਲਦੀਪ ਸਿੱਧੂ, ਸਤਬੀਰ ਬੈਨੀਪਾਲ, ਮੰਜੂ ਮਾਹਲ, ਜੋਹਨ ਮਸੀਹ, ਦਿਲਜੀਤ ਸਰਪੰਚ ਆਦਿ ਸ਼ੁਮਾਰ ਹਨ।