ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ 'ਤੇਰੀਆਂ ਮੇਰੀਆਂ ਹੇਰਾਂ ਫੇਰੀਆਂ' ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿਚਲਾ ਇੱਕ ਵਿਸ਼ੇਸ਼ ਗਾਣਾ 'ਮੁੰਡਾ ਬਾਣੀਆਂ ਦਾ' ਅੱਜ ਰਿਲੀਜ਼ ਹੋਵੇਗਾ, ਜੋ ਗਿੱਪੀ ਗਰੇਵਾਲ ਅਤੇ ਗੁਰਲੇਜ਼ ਅਖ਼ਤਰ ਦੁਆਰਾ ਗਾਇਨਬੱਧ ਕੀਤਾ ਗਿਆ ਹੈ।
'ਗੁਰੂ ਕ੍ਰਿਪਾ ਫਿਲਮਜ਼' ਅਤੇ 'ਲਿਟਲ ਐਂਜਲ ਪ੍ਰੋਡੋਕਸ਼ਨਜ' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਹ ਫਿਲਮ ਲੰਮੇਂ ਸਮੇਂ ਦੀ ਉਡੀਕ ਬਾਅਦ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜਿਸ ਵਿੱਚ ਪੁਖਰਾਜ ਭੱਲਾ ਅਤੇ ਅਦਿਤੀ ਆਰਿਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਯੋਗਰਾਜ ਸਿੰਘ, ਹਰਬੀ ਸੰਘਾ, ਅਨੀਤਾ ਦੇਵਗਨ, ਮਿੰਟੂ ਕਾਪਾ, ਉਪਾਸਨਾ ਸਿੰਘ, ਰਾਣਾ ਜੰਗ ਬਹਾਦਰ, ਸ਼ਸ਼ੀ ਕਿਰਨ ਅਤੇ ਕਰਨ ਸਾਧਾਂਵਾਲੀਆ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।
ਇੰਗਲੈਂਡ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ ਉਪਰ ਫਿਲਮਬੱਧ ਕੀਤੀ ਗਈ ਉਕਤ ਫਿਲਮ ਦੇ ਨਿਰਮਾਤਾ ਗੁਰਜਿੰਦਰ ਐਸ ਚੌਹਾਨ, ਸਰਬਜੀਤ ਸਿੰਘ ਅਰਨੇਜਾ, ਰਮਣੀਕ ਐਸ ਖੁਰਾਣਾ, ਸੰਜੀਵ ਛਿੱਬਰ, ਚੇਤਨ ਹਾਂਡਾ, ਅਮਨਦੀਪ ਐਸ ਸ਼ੀਨੂੰ, ਗੁਰਪ੍ਰੀਤ ਐਸ ਖੁਰਾਣਾ, ਹਰਪ੍ਰੀਤ ਸਿੰਘ ਅਤੇ ਰਿੱਕੀ ਐਮ.ਕੇ ਹਨ, ਜਦਕਿ ਨਿਰਦੇਸ਼ਨ ਕਮਾਂਡ ਰਿੱਕੀ ਐਮਕੇ ਦੁਆਰਾ ਸੰਭਾਲੀ ਗਈ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨਗੇ।
ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਦਿਲਚਸਪ ਫਿਲਮ ਦੇ ਗੀਤ ਸੰਗੀਤ ਪੱਖਾਂ ਉਪਰ ਵੀ ਕਾਫ਼ੀ ਮਿਹਨਤ ਕੀਤੀ ਗਈ ਹੈ, ਜਿਸ ਵਿਚਲੇ ਗਾਣਿਆ ਨੂੰ ਗਿੱਪੀ ਗਰੇਵਾਲ, ਗੁਰਲੇਜ਼ ਅਖ਼ਤਰ, ਦਲੇਰ ਮਹਿੰਦੀ, ਮੰਨਤ ਨੂਰ ਵੱਲੋਂ ਪਿੱਠਵਰਤੀ ਆਵਾਜ਼ਾਂ ਦਿੱਤੀਆਂ ਗਈਆਂ ਹਨ। ਬਿੱਗ ਸੈਟਅੱਪ ਅਧੀਨ ਬਣਾਈ ਗਈ ਉਕਤ ਫਿਲਮ ਨੂੰ 'ਵਾਈਟ ਹਿੱਲ ਸਟੂਡਿਓਜ' ਵੱਲੋਂ 21 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।
ਓਧਰ ਜੇਕਰ ਅੱਜ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਦੀ ਗੱਲ ਕਰੀਏ ਤਾਂ ਇਸ ਨੂੰ ਅਵਾਜ਼ਾਂ ਗਿੱਪੀ ਗਰੇਵਾਲ ਅਤੇ ਗੁਰਲੇਜ਼ ਅਖ਼ਤਰ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਜੱਸੀ ਕਟਿਆਲ ਨੇ ਤਿਆਰ ਕੀਤਾ ਹੈ ਅਤੇ ਸ਼ਬਦਾਂ ਦੀ ਸਿਰਜਨਾ ਪ੍ਰੋ. ਰਛਪਾਲ ਪਾਲੀ ਨੇ ਕੀਤੀ ਹੈ, ਜੋ ਕਾਮੇਡੀ ਕਿੰਗ ਜਸਵਿੰਦਰ ਭੱਲਾ ਦੀਆਂ 'ਛਣਕਾਟਾ' ਸੀਰੀਜ਼ ਲਈ ਵੀ ਕਈ ਸੁਪਰ ਹਿੱਟ ਗੀਤਾਂ ਦੀ ਰਚਨਾ ਕਰ ਚੁੱਕੇ ਹਨ।