ਚੰਡੀਗੜ੍ਹ:ਪਾਲੀਵੁੱਡ 'ਚ ਇੱਕ ਦਹਾਕੇ ਦਾ ਸਫ਼ਰ ਸਫ਼ਲਤਾਪੂਰਵਕ ਤੈਅ ਕਰ ਚੁੱਕੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਹੁਣ ਬਾਲੀਵੁੱਡ 'ਚ ਅਪਣੀ ਪ੍ਰਭਾਵੀ ਪਾਰੀ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਰਿਲੀਜ਼ ਹੋਣ ਜਾ ਰਹੀਆਂ ਦੋ ਵੱਡੀਆਂ ਹਿੰਦੀ ਫਿਲਮਾਂ ਦੁਆਰਾ ਅਪਣੇ ਇਸ ਨਵੀਂ ਸਿਨੇਮਾ ਯਾਤਰਾ ਦੀ ਸ਼ੁਰੂਆਤ ਕਰੇਗੀ।
ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਅਪਾਰ ਚਰਚਾ ਦਾ ਕੇਂਦਰ-ਬਿੰਦੂ ਬਣੀਆਂ ਉਕਤ ਫਿਲਮਾਂ ਵਿੱਚੋਂ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ 'ਬਾਗੀ 4' ਦਾ, ਜਿਸ ਵਿੱਚ ਅਦਾਕਾਰ ਟਾਈਗਰ ਸ਼ਰਾਫ ਦੇ ਨਾਲ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ ਇਹ ਚਰਚਿਤ ਅਦਾਕਾਰਾ, ਜੋ ਅਪਣੇ ਇਸ ਡ੍ਰੀਮ ਫਿਲਮ ਪ੍ਰੋਜੈਕਟ ਨੂੰ ਲੈ ਕੇ ਖਾਸੀ ਉਤਸ਼ਾਹਿਤ ਹੈ।
'ਨਾਡਿਆਡਵਾਲਾ ਗ੍ਰੈਂਡਸਨ' ਦੇ ਬੈਨਰ ਹੇਠ ਬਣਾਈ ਗਈ ਅਤੇ ਸਾਜਿਦ ਨਾਡਿਆਡਵਾਲਾ ਵੱਲੋਂ ਨਿਰਮਿਤ ਕੀਤੀ ਗਈ ਇਸ ਬਿੱਗ ਸੈੱਟਅੱਪ ਫਿਲਮ ਦਾ ਨਿਰਦੇਸ਼ਨ ਏ ਹਰਸ਼ ਦੁਆਰਾ ਕੀਤਾ ਗਿਆ ਹੈ। ਬਾਗੀ ਦੇ ਨਵੇਂ ਭਾਗ ਦੇ ਤੌਰ ਉਤੇ ਸਾਹਮਣੇ ਆਉਣ ਜਾ ਰਹੀ ਇਹ ਐਕਸ਼ਨ ਥ੍ਰਿਲਰ ਫਿਲਮ ਬਤੌਰ ਲੀਡ ਅਦਾਕਾਰਾ ਸੋਨਮ ਬਾਜਵਾ ਦੀ ਪਹਿਲੀ ਹਿੰਦੀ ਫਿਲਮ ਹੋਵੇਗੀ, ਜਿੰਨ੍ਹਾਂ ਵੱਲੋਂ ਇਸ ਫਿਲਮ ਲਈ ਕਾਫ਼ੀ ਖਤਰਨਾਕ ਦ੍ਰਿਸ਼ਾਂ ਨੂੰ ਬਿਨ੍ਹਾਂ ਡੁਪਲੀਕੇਟ ਦੇ ਅੰਜ਼ਾਮ ਦਿੱਤਾ ਗਿਆ ਹੈ।