ਚੰਡੀਗੜ੍ਹ:ਬਾਲੀਵੁੱਡ ਸਟਾਰ ਅਜੇ ਦੇਵਗਨ ਦੀ ਨਵੀਂ ਅਤੇ ਬਹੁ-ਚਰਚਿਤ ਸੀਕਵਲ ਫਿਲਮ 'ਸੰਨ ਆਫ ਸਰਦਾਰ 2' ਯੂਕੇ ਵਿਖੇ ਫਲੌਰ ਉਤੇ ਪੁੱਜ ਗਈ ਹੈ, ਜਿਸ ਦਾ ਨਿਰਦੇਸ਼ਨ ਪੰਜਾਬੀ ਸਿਨੇਮਾ ਦੇ ਸਫਲਤਮ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਹਿੰਦੀ ਸਿਨੇਮਾ 'ਚ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
'ਜੀਓ ਸਟੂਡਿਓਜ਼', 'ਦੇਵਗਨ ਫਿਲਮਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਜਾ ਰਹੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਨਿਰਮਾਣ ਅਜੇ ਦੇਵਗਨ, ਕੁਮਾਰ ਮੰਗਤ ਪਾਠਕ, ਜਯੋਤੀ ਦੇਸ਼ਪਾਂਡੇ, ਐਨ ਆਰ ਪਚੀਸੀਆ ਅਤੇ ਪ੍ਰਵੀਨ ਤਲਰੇਜਾ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਅਗਲੇ ਕਈ ਦਿਨਾਂ ਤੱਕ ਲੰਦਨ ਵਿਖੇ ਜਾਰੀ ਰਹੇਗੀ, ਜਿਸ ਵਿੱਚ ਬਾਲੀਵੁੱਡ ਦੇ ਕਈ ਨਾਮੀ ਗਿਰਾਮੀ ਐਕਟਰਜ਼ ਹਿੱਸਾ ਲੈਣਗੇ।
ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈਆਂ ਅਤੇ ਸੁਪਰ-ਡੁਪਰ ਹਿੱਟ ਰਹੀਆਂ 'ਕਲੀ ਜੋਟਾ' ਅਤੇ 'ਗੋਡੇ ਗੋਡੇ ਚਾਅ' ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦੀ ਨਿਰਦੇਸ਼ਕ ਦੇ ਰੂਪ ਵਿੱਚ ਇਹ ਪਹਿਲੀ ਹਿੰਦੀ ਫਿਲਮ ਹੈ, ਜਿੰਨਾਂ ਦੇ ਫਿਲਮੀ ਕਰੀਅਰ ਲਈ ਇੱਕ ਹੋਰ ਅਹਿਮ ਟਰਨਿੰਗ ਪੁਆਇੰਟ ਸਾਬਿਤ ਹੋਣ ਜਾ ਰਹੀ ਹੈ ਇਹ ਫਿਲਮ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਸਾਲ 2012 ਵਿਚ ਰਿਲੀਜ਼ ਹੋਈ 'ਸਨ ਆਫ ਸਰਦਾਰ' ਦੇ ਸੀਕਵਲ ਦੇ ਤੌਰ ਉਤੇ ਸਾਹਮਣੇ ਲਿਆਂਦੀ ਜਾ ਰਹੀ ਇਹ ਫਿਲਮ, ਜਿਸ ਦੇ ਪਹਿਲੇ ਭਾਗ ਦਾ ਨਿਰਦੇਸ਼ਨ ਅਸ਼ਵਨੀ ਧੀਰ ਵੱਲੋਂ ਕੀਤਾ ਗਿਆ ਸੀ, ਜਦਕਿ ਇਸ ਵਾਰ ਉਨ੍ਹਾਂ ਦੀ ਬਜਾਏ ਵਿਜੇ ਕੁਮਾਰ ਅਰੋੜਾ ਦੇ ਹੱਥ ਇਹ ਕਮਾਂਡ ਸੌਂਪੀ ਗਈ ਹੈ, ਜੋ ਪਹਿਲੀ ਵਾਰ ਅਜੇ ਦੇਵਗਨ ਨਾਲ ਅਪਣੀ ਸ਼ਾਨਦਾਰ ਡਾਇਰੈਕਟੋਰੀਅਲ ਕੈਮਿਸਟਰੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣਗੇ।
ਹਿੰਦੀ ਸਿਨੇਮਾ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਉਕਤ ਫਿਲਮ ਵਿੱਚ ਰਵੀ ਕਿਸ਼ਨ ਵੀ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਅਦਾਕਾਰ ਸੰਜੇ ਦੱਤ ਵੀ ਇਸ ਦਾ ਖਾਸ ਹਿੱਸਾ ਹੋਣਗੇ, ਹਾਲਾਂਕਿ ਕੁਝ ਵਿਵਾਦਿਤ ਕਾਰਨਾਂ ਦੇ ਚੱਲਦਿਆਂ ਉਨ੍ਹਾਂ ਨੂੰ ਲੰਦਨ ਸ਼ੈਡਿਊਲ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਮਿਲ ਸਕੀ।