ਹੈਦਰਾਬਾਦ: ਤੇਲੰਗਾਨਾ ਵਿੱਚ ਸਿੰਗਲ-ਸਕ੍ਰੀਨ ਥੀਏਟਰ ਲਗਭਗ ਦੋ ਹਫ਼ਤਿਆਂ ਲਈ ਅਸਥਾਈ ਤੌਰ 'ਤੇ ਬੰਦ ਰਹਿਣਗੇ। ਦਰਅਸਲ, ਸੰਕ੍ਰਾਂਤੀ 2024 ਤੋਂ ਬਾਅਦ ਕੋਈ ਵੀ ਵੱਡੀ ਫਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ਵਿੱਚ ਸਫਲ ਨਹੀਂ ਹੋਈ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਤੇਲੰਗਾਨਾ ਵਿੱਚ ਫਿਲਮ ਕਾਰੋਬਾਰ ਨੇ ਥੀਏਟਰ ਐਸੋਸੀਏਸ਼ਨ ਨੂੰ 17 ਮਈ ਤੋਂ ਬੰਦ ਕਰਨ ਦਾ ਫੈਸਲਾ ਲੈਣ ਲਈ ਮਜ਼ਬੂਰ ਕੀਤਾ ਹੈ। ਇਸ ਕਾਰਨ ਸਿੰਗਲ ਸਕ੍ਰੀਨ ਥੀਏਟਰ ਕੁਝ ਦਿਨਾਂ ਲਈ ਬੰਦ ਰਹਿਣਗੇ।
ਤੁਹਾਨੂੰ ਦੱਸ ਦੇਈਏ ਕਿ ਸੰਕ੍ਰਾਂਤੀ 2024 ਤੋਂ ਬਾਅਦ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋਈ ਹੈ। ਦੂਜੇ ਪਾਸੇ ਆਈ.ਪੀ.ਐੱਲ ਅਤੇ ਹਾਲ ਹੀ 'ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਕਾਰਨ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਸਿਨੇਮਾਘਰਾਂ 'ਚ ਭਾਰੀ ਭੀੜ ਦੇਖਣ ਨੂੰ ਨਹੀਂ ਮਿਲੀ।
ਤੇਲੰਗਾਨਾ ਥੀਏਟਰ ਐਸੋਸੀਏਸ਼ਨ ਦੇ ਅਨੁਸਾਰ ਰਾਜ ਵਿੱਚ ਕਈ ਸਿੰਗਲ-ਸਕ੍ਰੀਨ ਥੀਏਟਰ 17 ਮਈ ਤੋਂ ਆਪਣੇ ਦਰਵਾਜ਼ੇ ਬੰਦ ਕਰ ਸਕਦੇ ਹਨ। ਰਿਪੋਰਟਾਂ ਮੁਤਾਬਕ ਤੇਲੰਗਾਨਾ 'ਚ ਸਿੰਗਲ ਸਕ੍ਰੀਨ ਥੀਏਟਰ 10 ਦਿਨਾਂ ਲਈ ਬੰਦ ਹੋ ਸਕਦੇ ਹਨ। ਇਹ ਸਿਨੇਮਾਘਰ 26 ਮਈ ਜਾਂ 31 ਮਈ ਨੂੰ ਮੁੜ ਖੁੱਲ੍ਹ ਸਕਦੇ ਹਨ।
ਫਿਲਮ ਕਾਰੋਬਾਰ 'ਤੇ ਪ੍ਰਭਾਵ:ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਹਜ਼ਾਰਾਂ ਸਿਨੇਮਾਘਰ ਹਨ ਅਤੇ ਗਰਮੀਆਂ ਵਿੱਚ ਲੋਕ ਹਮੇਸ਼ਾ ਵੱਡੀ ਗਿਣਤੀ ਵਿੱਚ ਫਿਲਮਾਂ ਦੇਖਣ ਜਾਂਦੇ ਹਨ। ਹਾਲਾਂਕਿ, 2024 ਦੀਆਂ ਗਰਮੀਆਂ ਬਹੁਤ ਸਾਰੇ ਥੀਏਟਰ ਮਾਲਕਾਂ ਖਾਸ ਕਰਕੇ ਸਿੰਗਲ-ਸਕ੍ਰੀਨ ਵਾਲੇ ਲੋਕਾਂ ਲਈ ਚੰਗੀ ਨਹੀਂ ਰਹੀਆਂ। ਜਿੱਥੇ ਵੱਡੇ ਬਜਟ ਦੀਆਂ ਫਿਲਮਾਂ ਧਮਾਲ ਮਚਾਉਣ ਵਿੱਚ ਨਾਕਾਮ ਰਹੀਆਂ, ਉੱਥੇ ਛੋਟੀਆਂ ਅਤੇ ਮੱਧਮ ਬਜਟ ਦੀਆਂ ਫਿਲਮਾਂ ਵੀ ਬੇਅਸਰ ਸਾਬਤ ਹੋਈਆਂ। ਇਸ ਕਾਰਨ ਫਿਲਮ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।
ਵਿਸ਼ਵਕ ਸੇਨ ਦੀ ਫਿਲਮ 'ਗੈਂਗਸ ਆਫ ਗੋਦਾਵਰੀ' ਲਈ ਸਿੰਗਲ-ਸਕ੍ਰੀਨ ਥੀਏਟਰ 31 ਮਈ ਨੂੰ ਦੁਬਾਰਾ ਖੁੱਲ੍ਹਣਗੇ। ਇਸ ਤੋਂ ਇਲਾਵਾ ਕਈ ਥੀਏਟਰ ਅਤੇ ਮਲਟੀਪਲੈਕਸ 'ਕਲਕੀ 2898 ਏਡੀ', 'ਪੁਸ਼ਪਾ:ਦਿ ਰੂਲ', 'ਗੇਮ ਚੇਂਜਰ' ਅਤੇ 'ਇੰਡੀਅਨ 2' ਵਰਗੀਆਂ ਵੱਡੇ ਬਜਟ ਦੀਆਂ ਫਿਲਮਾਂ 'ਤੇ ਆਪਣੀਆਂ ਉਮੀਦਾਂ ਲਗਾ ਰਹੇ ਹਨ।