ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸੰਗੀਤਕ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਗਾਇਕ ਯਾਸਿਰ ਦੇਸਾਈ, ਜੋ ਆਪਣਾ ਨਵਾਂ ਸੋਲੋ ਟਰੈਕ 'ਆਨਾ ਪੜੇਗਾ' ਲੈ ਕੇ ਇੱਕ ਵਾਰ ਮੁੜ ਆਪਣੀ ਸਦਾ ਬਹਾਰ ਗਾਇਨ ਸ਼ੈਲੀ ਦਾ ਇਜ਼ਹਾਰ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣ ਜਾ ਰਹੇ ਹਨ, ਜਿੰਨਾ ਦਾ ਵਿਲੱਖਣ ਸੰਗੀਤ ਦੇ ਰੰਗਾਂ ਵਿੱਚ ਰੰਗਿਆ ਇਹ ਟਰੈਕ 28 ਮਾਰਚ ਨੂੰ ਸੰਗੀਤਕ ਮਾਰਕੀਟ ਵਿੱਚ ਜਾਰੀ ਹੋਣ ਜਾ ਰਿਹਾ ਹੈ।
'ਰਾਏ ਜੈਸਵਾਲ' ਵੱਲੋਂ 'ਡੀਆਰਜੀ ਰਿਕਾਰਡਜ਼' ਦੇ ਲੇਬਲ ਅਧੀਨ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਯਾਸਿਰ ਦੇਸਾਈ ਨੇ ਦਿੱਤੀ ਹੈ, ਜਦ ਕਿ ਇਸ ਦੇ ਬੋਲ ਅਤੇ ਮਿਊਜ਼ਿਕ ਦੀ ਸਿਰਜਣਾ ਸੰਜੀਵ ਚਤੁਰਵੇਦੀ ਦੁਆਰਾ ਕੀਤੀ ਗਈ ਹੈ।
ਪਿਆਰ-ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਟਰੈਕ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਵੀ ਬੇਹੱਦ ਖੂਬਸੂਰਤੀ ਨਾਲ ਫਿਲਮਾਇਆ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਵਿਕਾਸ ਕੇ ਚੰਦੇਲ ਵੱਲੋਂ ਵੱਖ-ਵੱਖ ਮਨਮੋਹਕ ਲੋਕੇਸ਼ਨਜ਼ ਉਪਰ ਕੀਤਾ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਮਾਡਲ ਜੋੜੀ ਜੈਨ ਖਾਨ ਦੁਰਾਨੀ ਅਤੇ ਆਸ਼ਨਾ ਕਿੰਗਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨਾਂ ਵੱਲੋਂ ਬਹੁਤ ਹੀ ਬਿਹਤਰੀਨ ਰੂਪ ਵਿੱਚ ਫੀਚਰਿੰਗ ਕੀਤੀ ਗਈ ਹੈ।
ਨੌਜਵਾਨ ਦਿਲਾਂ ਦੀ ਧੜਕਣ ਬਣਦੇ ਜਾ ਰਹੇ ਗਾਇਕ ਯਾਸਿਰ ਦੇਸਾਈ ਗਾਇਕ ਦੇ ਨਾਲ-ਨਾਲ ਗੀਤਕਾਰ ਦੇ ਤੌਰ 'ਤੇ ਵੀ ਸੰਗੀਤਕ ਗਲਿਆਰਿਆਂ ਵਿੱਚ ਚੋਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ, ਜਿੰਨਾਂ ਦੇ ਗਾਇਕੀ ਸਫ਼ਰ ਵੱਲ ਝਾਤ ਮਾਰੀਏ ਤਾਂ ਉਨਾਂ ਹਿੰਦੀ ਸੰਗੀਤਕ ਵਿੱਚ ਦਸਤਕ ਸਾਲ 2017 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਰੁਮਾਂਟਿਕ-ਡਰਾਮਾ ਫਿਲਮ 'ਏਕ ਹਸੀਨਾ ਥੀ ਏਕ ਦੀਵਾਨਾ ਥਾ' ਦੇ ਗੀਤ "ਹੁਏ ਬੇਚੈਨ" ਅਤੇ "ਆਂਖੋਂ ਮੈਂ ਆਸੂ ਲੇਕੇ" ਨਾਲ ਕੀਤੀ, ਜਿਸ ਉਪਰੰਤ ਉਨਾਂ ਦੀ ਪਹਿਚਾਣ ਨੂੰ ਹੋਰ ਪੁਖਤਗੀ ਦੇਣ ਵਿੱਚ ਡਰਾਮਾ ਅਤੇ ਸੰਨੀ ਲਿਓਨ-ਰਜਨੀਸ਼ ਦੁੱਗਲ ਸਟਾਰਰ ਹਿੰਦੀ ਫਿਲਮ 'ਬੇਈਮਾਨ ਲਵ' ਵਿਚਲੇ ਗੀਤਾਂ ਦਾ ਵੀ ਅਹਿਮ ਯੋਗਦਾਨ ਰਿਹਾ।
ਬਾਲੀਵੁੱਡ ਦੇ ਨਾਮਵਰ ਅਤੇ ਸਫਲ ਪਲੇ ਬੈਕ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਇਸ ਸੁਰੀਲੇ ਅਤੇ ਹੋਣਹਾਰ ਗਾਇਕ ਵੱਲੋਂ ਗਾਏ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨਾਂ ਵਿੱਚ 'ਮੈਂ ਅਧੂਰਾ' ਅਤੇ 'ਰੰਗਰੇਜ਼ਾਂ', 'ਦਿਲ ਕੋ ਕਰਾਰ ਆਇਆ', 'ਹੁਏ ਬੇਚੈਨ', 'ਆਂਖੋਂ ਮੇਂ ਆਂਸੂ ਲੇਕੇ', 'ਦਿਲ ਮਾਂਗ ਰਹਾ ਹੈ', 'ਪੱਲੋ ਲਟਕੇ', 'ਮੱਖਨਾ', 'ਜੀਨੇ ਵੀ ਦੇ', 'ਨੈਨੋ ਨੇ ਬੰਧੀ', 'ਜਿਤਨੀ ਦਫਾ', 'ਜੋਗੀ' ਵਰਗੇ ਕਈ ਬਲਾਕਬਸਟਰ ਗੀਤ ਸ਼ਾਮਿਲ ਰਹੇ ਹਨ।
'ਬਰੇਲੀ ਕੀ ਬਰਫੀ', 'ਫੁਕਰੇ ਰਿਟਰਨਜ਼', 'ਤੇਰਾ ਇੰਤਜ਼ਾਰ', 'ਬਹਿਨ ਹੋਗੀ ਤੇਰੀ', 'ਸ਼ਾਦੀ ਮੇ ਜ਼ਰੂਰ ਆਨਾ', 'ਪਰਮਾਣੂ', 'ਗੋਲਡ', 'ਰਾਜੀ', 'ਭਈਆ ਜੀ ਸੁਪਰਹਿੱਟ', 'ਸਪੋਟਲਾਈਟ', 'ਉੜੀ', 'ਜਖਮੀ', 'ਦਾ ਜੋਆ ਫੈਕਟਰ' ਜਿਹੀਆਂ ਕਈਆਂ ਵੱਡੀਆਂ ਫਿਲਮਾਂ ਦਾ ਪਲੇ ਬੈਕ ਗਾਇਕ ਦੇ ਤੌਰ 'ਤੇ ਹਿੱਸਾ ਰਹੇ ਇਸ ਉਮਦਾ ਫਨਕਾਰ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਕਈ ਬਿੱਗ ਸੈਟਅੱਪ ਫਿਲਮਾਂ ਵਿੱਚ ਉਨਾਂ ਦੁਆਰਾ ਗਾਏ ਸੁਣਨ ਨੂੰ ਮਿਲਣਗੇ, ਜਿੰਨਾ ਨੂੰ ਨਾਮਵਰ ਸੰਗੀਤਕਾਰਾਂ ਵੱਲੋਂ ਸੰਗੀਤਬੱਧ ਕੀਤਾ ਜਾ ਰਿਹਾ ਹੈ।